ਸ਼ਰੇਆਮ ਵਿਕ ਰਿਹਾ ਨਸ਼ਾ ਲੀਲ ਰਿਹਾ ਪੰਜਾਬ ਦੀ ਜਵਾਨੀ
ਅੰਮ੍ਰਿਤਸਰ : ਸ਼ਰੇਆਮ ਵਿਕ ਰਿਹਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਨਿੱਤ ਲੀਲ ਰਿਹਾ ਹੈ। ਹਰ ਰੋਜ਼ ਨਸ਼ੇ ਜਿਹੀ ਅਲਾਮਤ ਕਾਰਨ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿੱਛ ਰਹੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਸ਼ਾ ਸਮੱਗਲਰਾਂ ਉਤੇ ਸ਼ਿਕੰਜਾ ਕੱਸਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਚੰਦ ਦਿਨਾਂ ਵਿਚ ਖ਼ਤਮ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵੇ ਝੂਠੇ ਪੈਂਦੇ ਦਿਖਾਈ ਦੇ ਰਹੇ ਹਨ। ਗੁਰੂ ਨਗਰੀ ਦੇ ਕੋਟ ਖ਼ਾਲਸਾ ਇਲਾਕੇ ਵਿਚ ਨਸ਼ਿਆਂ ਦੀ ਸ਼ਰੇਆਮ ਵਿਕਰੀ ਕਾਰਨ ਇਥੇ ਦੇ ਲੋਕ ਬੇਹੱਦ ਪਰੇਸ਼ਾਨੀ ਦੇ ਆਲਮ ਵਿਚ ਹਨ। ਨਸ਼ੇ ਕਾਰਨ ਪਿਛਲੇ 5 ਮਹੀਨਿਆਂ 'ਚ ਇਸ ਇਲਾਕੇ ਦੇ 5 ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ। ਅਨੇਕਾਂ ਵਾਰ ਕੋਟ ਖ਼ਾਲਸਾ ਵਾਸੀਆਂ ਵੱਲੋਂ ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਪਰ ਸ਼ਾਮ ਹੁੰਦੇ ਹੀ ਨਸ਼ਾ ਸਮੱਗਲਰ ਆਪਣੇ ਖੁੱਡਿਆਂ ਵਿਚੋਂ ਬਾਹਰ ਆ ਕੇ ਮੁੜ ਧੰਦਾ ਸ਼ੁਰੂ ਕਰ ਦਿੰਦੇ ਹਨ ਅਤੇ ਉਲਟਾ ਸ਼ਿਕਾਇਤ ਕਰਨ ਵਾਲਿਆਂ ਨੂੰ ਧਮਕਾਉਂਦੇ ਹਨ। ਇਹ ਵੀ ਪੜ੍ਹੋ : PSPCL 2022: 10ਵੀਂ ਪਾਸ ਲਈ ਬਿਜਲੀ ਵਿਭਾਗ 'ਚ ਨਿਕਲੀਆਂ 1690 ਅਸਾਮੀਆਂ, ਲਿੰਕ ਰਾਹੀਂ ਕਰੋ ਅਪਲਾਈ ਕੋਟ ਖ਼ਾਲਸਾ ਦੇ ਲੋਕਾਂ ਵੱਲੋਂ ਸਿਆਸੀ ਅਤੇ ਨਿੱਜੀ ਮਤਭੇਦ ਭੁਲਾ ਕੇ ਇਕਜੁੱਟ ਹੋ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਸਥਾਨਕ ਵਿਧਾਇਕ ਤੇ ਆਪਣੇ ਕੌਂਸਲਰ ਉਤੇ ਨਸ਼ਾ ਵਿਕਰੇਤਾਵਾਂ ਤੋਂ ਮਹੀਨਾ ਲੈਣ ਦੇ ਦੋਸ਼ ਲਗਾਏ ਗਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸਵਾਲੀਆਂ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਨਸ਼ੇ ਬੰਦ ਕੀ ਹੋਣੇ ਸਨ ਉਲਟਾ ਹੁਣ ਨਸ਼ੇ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ ਅਤੇ ਰੋਕਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਲੋਕਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਨਸ਼ਾ ਸਮੱਗਲਰਾਂ ਉਤੇ ਜਲਦ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। -PTC News