ਭਾਰਤ-ਪਾਕਿਸਤਾਨ ਸਰਹੱਦ 'ਤੇ ਡ੍ਰੋਨ ਨੇ ਮੁੜ ਦਿੱਤੀ ਦਸਤਕ, BSF ਨੇ ਕੀਤੀ 46 ਰਾਉਂਡ ਫਾਇਰਿੰਗ
ਪਠਾਨਕੋਟ: ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਲਗਾਤਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਸਿਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀ ਆ ਰਿਹਾ ਹੈ। ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਸੈਕਟਰ 'ਚ ਡਰੋਨ ਨੇ ਫਿਰ ਦਸਤਕ ਦਿੱਤੀ। ਆਵਾਜ਼ ਸੁਣ ਕੇ ਬੀਐਸਐਫ ਦੇ ਚੌਕਸ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਚਲਾ ਗਿਆ। ਪੁਲਿਸ ਅਤੇ ਬੀਐਸਐਫ ਦੇ ਜਵਾਨ ਹੁਣ ਸਵੇਰ ਤੋਂ ਹੀ ਸਰਹੱਦੀ ਖੇਤਰ ਦੀ ਤਲਾਸ਼ੀ ਲੈ ਰਹੇ ਹਨ। ਜਾਣਕਾਰੀ ਮੁਤਾਬਕ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਸਰਹੱਦੀ ਪਿੰਡ ਦੀਨਾਨਗਰ 'ਚ ਬੀਤੀ ਰਾਤ 12 ਵਜੇ ਦੇ ਕਰੀਬ ਡਰੋਨ ਨੇ ਦਸਤਕ ਦਿੱਤੀ। ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ। ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਨੇਰਾ ਦੂਰ ਕਰਨ ਲਈ 3 ਹਲਕੇ ਬੰਬ ਸੁੱਟੇ ਗਏ। ਇਸ ਤੋਂ ਬਾਅਦ ਕੁੱਲ 46 ਰਾਊਂਡ ਵੀ ਕੀਤੇ ਗਏ। ਬੀਐਸਐਫ ਦੇ ਜਵਾਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵੱਲ ਵਾਪਸ ਪਰਤਿਆ। ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ ਡਰੋਨ ਵਾਪਸ ਚਲਾ ਗਿਆ ਪਰ ਚੌਕਸੀ ਲਈ ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਨੇ ਸਵੇਰ ਤੋਂ ਹੀ ਡਿੰਡਾ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਪਰ ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। -PTC News