ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸਾਰੰਗੜਾ ਦੇ ਖੇਤਾਂ 'ਚੋਂ ਮਿਲਿਆ ਡਰੋਨ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸਾਰੰਗੜਾ (ਨਜ਼ਦੀਕ ਪਿੰਡ ਕੱਕੜ) ਦੇ ਖੇਤਾਂ ਵਿਚੋਂ ਡਰੋਨ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਨੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਕਣਕ ਦੀ ਵਾਢੀ ਦੌਰਾਨ ਖੇਤਾਂ ਵਿਚੋਂ ਡਰੋਨ ਮਿਲਿਆ ਹੈ। ਲੋਕਾਂ ਵੱਲੋਂ ਸੂਚਨਾ ਮਿਲਣ ਉਤੇ ਮੌਕੇ ਉਤੇ ਪੁਲਿਸ ਨੇ ਪੁੱਜ ਕੇ ਇਸ ਸਬੰਧੀ ਬਾਰੀਕੀ ਨਾਲ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਛੋਟੇ ਸਾਈਜ਼ ਦੇ ਇਸ ਡਰੋਨ ਦੇ 3 ਪਰ ਟੁੱਟੇ ਹੋਏ ਸਨ ਤੇ ਬੈਟਰੀ ਵੀ ਅਲੱਗ ਹੋਈ ਸੀ। ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਸੰਧੂ ਥਾਣਾ ਲੋਪੋਕੇ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਦੇ ਏਅਰ ਡਿਸਟੈਂਸ ਦੀ ਦੂਰੀ ਤੋਂ ਡਰੋਨ ਬਰਾਮਦ ਹੋਇਆ ਹੈ। ਬੀਐਸਐਫ ਨਾਲ ਮਿਲ ਕੇ ਡਰੋਨ ਦੇ ਡਾਟਾ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਥਾਣਾ ਲੋਪੋਕੇ ਵਿੱਚ ਅਣਪਛਾਤਿਆਂ ਖਿਲਾਫ ਐਨ ਡੀ ਪੀ ਐਸ ਅਤੇ ਇੰਡੀਅਨ ਏਅਰਕਰਾਫਟ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਤ ਸਮੇਂ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 58 ਬਟਾਲੀਅਨ ਦੀ ਆਦੀਆਂ ਬੀਓਪੀ ਦੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਪਾਕਿਸਤਾਨੀ ਡਰੋਨ ਉਤੇ ਫਾਇਰਿੰਗ ਕੀਤੀ ਗਈ ਸੀ। ਡਿਊਟੀ ਉਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਰਾਤ ਦੇ ਸਮੇਂ ਪਾਕਿਸਤਾਨ ਵਾਲੇ ਪਾਸਿਉਂ ਆਉਂਦੇ ਡਰੋਨ ਦੀ ਆਵਾਜ਼ ਸੁਣੀ, ਜਿਸ ਮਗਰੋਂ ਉਨ੍ਹਾਂ ਵੱਲੋਂ 166 ਫਾਇਰ ਕੀਤੇ ਗਏ। ਦੱਸਿਆ ਗਿਆ ਹੈ ਕਿ ਇਹ ਡਰੋਨ ਕਰੀਬ 11 ਮਿੰਟ ਭਾਰਤੀ ਖੇਤਰ ਵਿੱਚ ਰਿਹਾ। ਚਾਰ ਵਾਰ ਡਰੋਨ ਨੇ ਭਾਰਤੀ ਇਲਾਕੇ ਵਿੱਚ ਅਗਾਂਹ ਵਧਣ ਦੀ ਕੋਸ਼ਿਸ਼ ਕੀਤੀ ਸੀ ਪਰ ਫਾਇਰਿੰਗ ਮਗਰੋਂ ਇਹ ਵਾਪਸ ਪਾਕਿਸਤਾਨੀ ਇਲਾਕੇ ਵੱਲ ਪਰਤ ਗਿਆ। ਤੜਕਸਾਰ ਬੀਐੱਸਐੱਫ ਅਤੇ ਦੋਰਾਂਗਲਾ ਪੁਲਿਸ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਹ ਵੀ ਪੜ੍ਹੋ : ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾ