ਗੱਡੀ 'ਚ ਫਸਣ ਕਰਕੇ ਘਰ-ਘਰ ਕੂੜਾ ਚੁੱਕਣ ਵਾਲੇ ਡਰਾਈਵਰ ਦੀ ਹੋਈ ਮੌਤ
ਚੰਡੀਗੜ੍ਹ: ਚੰਡੀਗੜ੍ਹ 'ਚ ਘਰ-ਘਰ ਕੂੜਾ ਚੁੱਕਣ ਜਾ ਰਹੀ ਨਗਰ ਨਿਗਮ ਦੀ ਗੱਡੀ ਹੇਠਾਂ ਆਉਣ ਨਾਲ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ। ਘਟਨਾ ਸੈਕਟਰ-23 ਦੀ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਨਵਜੋਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਜ਼ਖਮੀ ਨੂੰ GMSH-16 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-22 ਚੌਕੀ ਦੀ ਪੁਲਿਸ ਮਾਮਲੇ ਦੀ ਜਾਂਚ ਦੇ ਨਾਲ-ਨਾਲ ਲਾਪ੍ਰਵਾਹੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ। ਨਵਜੋਤ ਨਗਰ ਨਿਗਮ ਦੀ ਡੋਰ-ਟੂ-ਡੋਰ ਕੂੜਾ ਚੁੱਕਣ ਵਾਲੀ ਗੱਡੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਦੁਪਹਿਰ ਕੂੜਾ ਚੁੱਕਣ ਲਈ ਸੈਕਟਰ-23 ਪਹੁੰਚੇ ਸਨ। ਨਵਜੋਤ ਨੇ ਗੱਡੀ ਸਟਾਰਟ ਕੀਤੀ ਸੀ ਅਤੇ ਡਰਾਈਵਿੰਗ ਸੀਟ ਤੋਂ ਹੇਠਾਂ ਉਤਰ ਕੇ ਗੱਡੀ ਦਾ ਪਿਛਲਾ ਹਿੱਸਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀ ਪੜ੍ਹੋ: ਭਦੌੜ ਤੋਂ 'ਆਪ' ਵਿਧਾਇਕ ਉਗੋਕੇ ਦੇ ਪਿਤਾ ਹਸਪਤਾਲ ਦਾਖ਼ਲ, ਸੋਸ਼ਲ ਮੀਡੀਆ 'ਤੇ ਜ਼ਹਿਰ ਨਿਗਲਣ ਦੀ ਚਰਚਾ ਫਿਰ ਅਚਾਨਕ ਗੱਡੀ ਦਾ ਉਹ ਹਿੱਸਾ ਜਿਸ ਵਿਚ ਕੂੜਾ ਸੁੱਟਿਆ ਗਿਆ ਸੀ, ਉਸ 'ਤੇ ਡਿੱਗ ਗਿਆ। ਡਰਾਈਵਰ ਨਵਜੋਤ ਦਾ ਉਪਰਲਾ ਹਿੱਸਾ ਉਸ ਦੇ ਵਿਚਕਾਰ ਫਸ ਗਿਆ। ਕਾਹਲੀ ਵਿੱਚ ਇੱਕ ਹੋਰ ਮੁਲਾਜ਼ਮ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭਾਰੀ ਟਰਾਲੀ ਦਾ ਹਿੱਸਾ ਨਹੀਂ ਚੁੱਕ ਸਕਿਆ। ਕੁਝ ਦੇਰ ਫਸੇ ਰਹਿਣ ਤੋਂ ਬਾਅਦ ਡਰਾਈਵਰ ਨਵਜੋਤ ਦੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਨਵਜੋਤ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਸੀ। (ਅੰਕੁਸ਼ ਮਹਾਜਨ ਦੀ ਰਿਪੋਰਟ ) -PTC News