ਬੰਬੀਹਾ ਗੈਂਗ ਦੇ ਖੌਫਨਾਕ ਗੈਂਗਸਟਰ ਨੂੰ ਉਸਦੇ ਦੋ ਸਾਥੀਆਂ ਸਮੇਤ ਕੀਤਾ ਗ੍ਰਿਫਤਾਰ
ਚੰਡੀਗੜ੍ਹ, 10 ਅਗਸਤ: ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੰਬੀਹਾ ਗੈਂਗ ਨਾਲ ਜੁੜੇ ਇੱਕ ਖਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਭੁੱਲਰ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਉਹ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰ ਤੋਂ ਤਸਕਰੀ ਵਿੱਚ ਲੱਗੇ ਹੋਏ ਸਨ। ਗ੍ਰਿਫਤਾਰ ਕੀਤੇ ਗਏ ਬਾਕੀ ਦੋ ਵਿਅਕਤੀਆਂ ਦੀ ਪਛਾਣ ਰਾਜਵਿੰਦਰ ਸਿੰਘ ਅਤੇ ਪਰਮਬੀਰ ਸਿੰਘ ਉਰਫ ਬੌਬੀ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ .30 ਬੋਰ ਅਤੇ ਤਿੰਨ .32 ਬੋਰ ਸਮੇਤ ਚਾਰ ਪਿਸਤੌਲਾਂ ਸਮੇਤ ਛੇ ਮੈਗਜ਼ੀਨ ਅਤੇ 125 ਜਿੰਦਾ ਕਾਰਤੂਸ, 1.05 ਕਿਲੋ ਹੈਰੋਇਨ, 78.27 ਲੱਖ ਰੁਪਏ ਦੀ ਡਰੱਗ ਮਨੀ, ਸੱਤ ਸੋਨੇ ਦੀਆਂ ਚੂੜੀਆਂ, 25 ਸੋਨੇ ਦੇ ਸਿੱਕੇ, ਚਾਰ ਸੋਨੇ ਦੀਆਂ ਚੇਨਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੇ ਕਬਜ਼ੇ 'ਚੋਂ ਸੋਨੇ ਦੀਆਂ ਮੁੰਦਰੀਆਂ, ਇਕ ਚਾਂਦੀ ਦੀ ਚੇਨ, ਸਕੋਡਾ, ਹੌਂਡਾ ਸਿਟੀ ਅਤੇ ਬ੍ਰੇਜ਼ਾ ਸਮੇਤ ਤਿੰਨ ਕਾਰਾਂ, ਯਾਮਾਹਾ, ਹੀਰੋ ਡੀਲਕਸ ਅਤੇ ਸਪਲੈਂਡਰ ਸਮੇਤ ਤਿੰਨ ਮੋਟਰਸਾਈਕਲ ਅਤੇ 15 ਸਮਾਰਟਫ਼ੋਨ ਵੀ ਬਰਾਮਦ ਹੋਏ ਹਨ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲਾ ਇਹ ਦੂਜਾ ਵੱਡਾ ਮਾਡਿਊਲ ਹੈ, ਜਿਸ ਦਾ ਪਿਛਲੇ ਦੋ ਦਿਨਾਂ ਵਿੱਚ ਪੰਜਾਬ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਦਵਿੰਦਰ ਬੰਬੀਹਾ ਗੈਂਗ ਦੇ ਨਾਮੀ ਸ਼ੂਟਰ ਅਤੇ ਦੋ ਕੇਸਾਂ ਵਿੱਚ ਲੋੜੀਂਦੇ ਨਾਮੀ ਗੈਂਗਸਟਰ ਹੈਪੀ ਭੁੱਲਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਭੁੱਲਰ ਕਤਲ ਦੇ ਮਾਮਲੇ 'ਚ 2017 ਤੋਂ ਫਰਾਰ ਹੈ। ਜਾਣਕਾਰੀ ਅਨੁਸਾਰ ਹੈਪੀ ਭੁੱਲਰ ਇੱਕ ਹਿਸਟਰੀਸ਼ੀਟਰ ਹੈ ਅਤੇ ਜਲੰਧਰ ਦੇ ਫਾਈਨਾਂਸਰ ਗੁਰਮੀਤ ਸਿੰਘ ਉਰਫ ਟਿੰਕੂ ਅਤੇ ਜੈਪਾਲ ਗਰੁੱਪ ਦੇ ਵਿਰੋਧੀ ਗੈਂਗ ਦੇ ਮੈਂਬਰ ਇੰਦਰਜੀਤ ਸਿੰਘ ਉਰਫ ਟਿੰਡਾ ਸਮੇਤ ਦੋ ਹੋਰ ਕਤਲ ਕੇਸਾਂ ਵਿੱਚ ਸ਼ਾਮਲ ਹੋਣ ਲਈ ਲੋੜੀਂਦਾ ਹੈ। ਫਿਰੋਜ਼ਪੁਰ ਅਤੇ ਯੂਟੀ ਚੰਡੀਗੜ੍ਹ ਵਿੱਚ ਕੇਸ ਦਰਜ ਰਾਜਵਿੰਦਰ ਹੈਪੀ ਵੀ ਇੱਕ ਹਿਸਟਰੀਸ਼ੀਟਰ ਹੈ ਅਤੇ ਐਨਡੀਪੀਐਸ ਐਕਟ ਦੇ ਤਹਿਤ ਕੇਸਾਂ ਵਿੱਚ ਲੋੜੀਂਦਾ ਹੈ, ਜਦਕਿ ਪਰਮਬੀਰ ਬੌਬੀ ਅਸਲਾ ਐਕਟ ਦੇ ਕੇਸ ਵਿੱਚ ਲੋੜੀਂਦਾ ਹੈ। ਮੁਢਲੀ ਜਾਂਚ ਦੇ ਸਬੰਧ ਵਿੱਚ ਹੋਰ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਦੋਸ਼ੀ ਵੱਡੇ ਪੱਧਰ 'ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ “ਇਸ ਗੈਰ-ਕਾਨੂੰਨੀ ਗਤੀਵਿਧੀ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਹਥਿਆਰਾਂ ਅਤੇ ਵਾਹਨਾਂ ਨੂੰ ਖਰੀਦਣ ਲਈ ਕੀਤੀ ਜਾ ਰਹੀ ਸੀ ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੀ ਜਾ ਰਹੀ ਸੀ।” ਇਸ ਦੌਰਾਨ ਐਸ.ਏ.ਐਸ.ਨਗਰ ਦੇ ਥਾਣਾ ਢਕੋਲੀ 'ਚ ਐਫਆਈਆਰ ਨੰਬਰ 77 ਮਿਤੀ 08/08/2022 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 473 ਅਤੇ 120-ਬੀ, ਐਨਡੀਪੀਐਸ ਐਕਟ ਦੀ ਧਾਰਾ 21, 22, ਅਤੇ 29, ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਦਰਜ ਕੀਤਾ ਗਿਆ ਹੈ। -PTC News