ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਅਧਿਕਾਰੀਆਂ ਨੂੰ ਰਵੱਈਆ ਬਦਲਣ ਦੀਆਂ ਹਦਾਇਤਾਂ
ਪਟਿਆਲਾ : ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੱਘ ਨਿੱਝਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਪੀਣ ਵਾਲੇ ਪਾਣੀ ਤੇ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਦਾ ਤੁਰੰਤ ਨਿਬੇੜਾ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਨਿੱਝਰ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਇੱਕ ਚੰਗੀ ਸੋਚ ਲੈਕੇ ਬਣੀ ਹੈ, ਜਿਸ ਕਰਕੇ ਪਿਛਲੀਆਂ ਰਵਾਇਤਾਂ ਤੋਂ ਹੱਟਕੇ ਆਪਣੇ ਆਪ ਨੂੰ ਬਦਲ ਲਿਆ ਜਾਵੇ ਕਿਉਂਕਿ ਸਮੂਹ ਵਿਧਾਇਕ ਤੇ ਮੰਤਰੀ ਆਪਣੀ ਚੰਗੀ ਸੋਚ 'ਚ ਕੋਈ ਬਦਲਾਅ ਨਹੀਂ ਲਿਆਉਣ ਵਾਲੇ। ਇਸ ਲਈ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਪ੍ਰਸ਼ਾਸਨ ਰਾਹੀਂ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਰਵੱਈਆ ਬਦਲਣ ਦੀਆਂ ਹਦਾਇਤਾਂ ਦਿੱਤੀਆਂ। ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਪਟਿਆਲਾ ਦੇ ਨਹਿਰੀ ਪਾਣੀ ਪ੍ਰਾਜੈਕਟ ਦੀ ਸਮਰੱਥਾ 'ਚ ਵਾਧਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਬਾਦੀ ਦੇ ਹਿਸਾਬ ਨਾਲ ਵਾਰਡਾਂ ਦੀ ਗਿਣਤੀ ਵਧਾਉਣ ਲਈ ਸਰਵੇ ਕਰਵਾਇਆ ਜਾ ਰਿਹਾ ਹੈ। ਨਾਜਾਇਜ਼ ਉਸਾਰੀਆਂ, ਸੜਕਾਂ ਦੀ ਹਾਲਤ ਆਦਿ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦਕਿ ਨਜਾਇਜ਼ ਕਲੋਨੀਆਂ ਦਾ ਮਸਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਜਿਨ੍ਹਾਂ ਬਾਰੇ ਰਾਜ ਸਰਕਾਰ ਵੱਲੋਂ ਲੋਕ ਹਿੱਤੂ ਫੈਸਲਾ ਲਿਆ ਜਾਵੇਗਾ ਕਿਉਂਕਿ ਇਸ ਸਬੰਧੀ ਲਗਾਤਾਰ ਵਿਚਾਰਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੋਨੀਆਂ ਦੇ ਬਸ਼ਿੰਦਿਆਂ ਨੂੰ ਕਿਸੇ ਵੀ ਹਾਲਤ ਵਿੱਚ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ। ਬਾਅਦ ਵਿੱਚ ਵਿਧਾਇਕਾਂ ਦੀ ਮੌਜੂਦਗੀ 'ਚ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਉੱਪਲ, ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਤੇ ਨਮਨ ਮੜਕਨ ਸਮੇਤ ਵੱਖ-ਵੱਖ ਬ੍ਰਾਂਚਾਂ ਦੇ ਮੁਖੀਆਂ ਨਾਲ ਬੈਠਕ ਕਰਦਿਆਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਲੋਕਾਂ ਨੂੰ ਸਮਾਂਬੱਧ ਤੇ ਖੱਜਲ ਖੁਆਰੀ ਰਹਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ 'ਚ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਜਾਵੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਉਠਾਏ ਗਏ ਸ਼ਹਿਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਦੇ ਆਧਾਰ ਉਤੇ ਡਾ. ਨਿੱਝਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਮੁੱਚੇ ਵਿਕਾਸ ਕੰਮਾਂ ਦੀ ਅਧਿਕਾਰੀ ਖ਼ੁਦ ਨਿਗਰਾਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਗ਼ਲਤ ਤੇ ਗ਼ੈਰਕਾਨੂੰਨੀ ਕੰਮ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਪਰੰਤੂ ਜਾਇਜ਼ ਤੇ ਕਾਨੂੰਨੀ ਕੰਮ 'ਚ ਕੋਈ ਅੜਚਨ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਤੇ ਪੀਣ ਵਾਲਾ ਸਾਫ਼ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਉਣ 'ਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਬਰਸਾਤਾਂ ਦੌਰਾਨ ਮੀਂਹ ਦੇ ਖੜ੍ਹੇ ਪਾਣੀ ਦੀ ਨਿਕਾਸੀ ਸਮੇਤ ਕੂੜੇ ਦੇ ਨਿਪਟਾਰੇ ਲਈ ਵੀ ਹਦਾਇਤਾਂ ਕੀਤੀਆਂ। ਰਿਪੋਰਟ-ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਨੇ ਸੰਸਦ 'ਚ MSP ਕਮੇਟੀ ਦਾ ਚੁੱਕਿਆ ਮੁੱਦਾ, ਕਿਸਾਨੀ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ