ਡਾ.ਧਰਮਵੀਰ ਗਾਂਧੀ ਨੇ ਕੇਜਰੀਵਾਲ 'ਤੇ ਧਰਮ ਦੀ ਸਿਆਸਤ ਕਰਨ ਦੇ ਲਾਏ ਦੋਸ਼
ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ਉਤੇ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਜੀ ਦੀਆਂ ਤਸਵੀਰਾਂ ਛਾਪਣ ਦੇ ਬਿਆਨ ਨੂੰ ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਹਾਸੋਹੀਣਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਿਆਨ ਗ਼ੈਰ ਸੰਵਿਧਾਨਕ ਤੇ ਗ਼ੈਰ ਵਿਗਿਆਨਕ ਹੈ। ਅਰਵਿੰਦ ਕੇਜਰੀਵਾਲ ਉੱਤੇ ਧਰਮ ਦੀ ਰਾਜਨੀਤੀ ਦਾ ਇਲਜ਼ਾਮ ਲਗਾਉਂਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਇਹ ਹਿੰਦੂ ਪੱਤਾ ਗੁਜਰਾਤ ਤੇ ਹਿਮਾਚਲ ਚੋਣਾਂ ਲਈ ਖੇਡ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2017 ਦੌਰਾਨ ਪੰਜਾਬ ਵਿਚਲੀਆਂ ਚੋਣਾਂ 'ਚ ਅਰਵਿੰਦ ਕੇਜਰੀਵਾਲ ਨੇ ਸਿੱਖ ਪੱਤਾ ਖੇਡਿਆ ਗਿਆ ਸੀ ਜਦਕਿ 2022 ਦੀਆਂ ਚੋਣਾਂ ਦੌਰਾਨ ਡੇਰਿਆਂ ਦੀ ਸਿਆਸਤ ਉੱਤੇ ਇਸ ਦਾ ਧਿਆਨ ਕੇਂਦਰਿਤ ਰਿਹਾ।
ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਾਂ ਦੀ ਕੰਪੇਨ 70 ਸਾਲ ਬਨਾਮ 7 ਮਹੀਨੇ ਬਾਰੇ ਟਿੱਪਣੀ ਕਰਦਿਆਂ ਗਾਂਧੀ ਨੇ ਸਵਾਲ ਕੀਤਾ ਕਿ ਜੋ ਪੰਜਾਬ 'ਚ ਬੁਨਿਆਦੀ ਢਾਂਚਾ ਖੜ੍ਹਾ ਹੋਇਆ ਕੀ ਇਹ 7 ਮਹੀਨਿਆਂ ਦੌਰਾਨ ਖੜ੍ਹਾ ਹੋਇਆ ? ਉਨ੍ਹਾਂ ਨੇ ਧਿਆਨ ਦਵਾਇਆ ਕਿ 18 ਹਜ਼ਾਰ ਸਕੂਲ 6 ਹਜ਼ਾਰ ਡਿਸਪੈਂਸਰੀਆਂ ਤੇ ਹਸਪਤਾਲ, ਸੜਕਾਂ ਦਾ ਜਾਲ ਆਦਿ ਪਿਛਲੇ 70 ਸਾਲਾਂ ਦੌਰਾਨ ਹੀ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਦਾ ਖ਼ਜ਼ਾਨਾ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਜਿੱਤਣ ਲਈ ਲੁਟਾਇਆ ਜਾ ਰਿਹਾ ਹੈ। ਹੈਲੀਕਾਪਟਰ ਅਤੇ ਹੋਰ ਖ਼ਰਚੇ ਜਿਹੜੇ ਕੀਤੇ ਜਾ ਰਹੇ ਹਨ ਉਸ ਨਾਲ ਪੰਜਾਬ ਹੋਰ ਕਰਜ਼ਾਈ ਬਣਾਇਆ ਜਾ ਰਿਹਾ ਹੈ।
ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਬੀਬਾ ਜੈਇੰਦਰ ਕੌਰ ਵੱਲੋਂ ਬੀਜੇਪੀ ਦੀ ਟਿਕਟ ਉਤੇ ਲੋਕ ਸਭਾ ਚੋਣ ਲੜੇ ਜਾਣ ਦੀਆਂ ਖਬਰਾਂ ਉਤੇ ਟਿੱਪਣੀ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਸ਼ਾਹੀ ਖ਼ਾਨਦਾਨ ਦਾ ਕੋਈ ਸਟੈਂਡ ਨਹੀਂ ਹੈ। ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਡਾ. ਗਾਂਧੀ ਨੇ ਭਵਿੱਖਬਾਣੀ ਕੀਤੀ ਹੈ ਕਿ ਜੇ ਆਮ ਆਦਮੀ ਪਾਰਟੀ ਨੂੰ ਇਕ ਵੀ ਸੀਟ ਮਿਲ ਗਈ ਤਾਂ ਗਨੀਮਤ ਸਮਝੋ। ਆਪਣੇ ਸਿਆਸੀ ਭਵਿੱਖ ਉਤੇ ਟਿੱਪਣੀ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਹੈ ਕਿ ਦੇਸ਼ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋਵੇ ਤੇ ਖੇਤਰੀ ਪਾਰਟੀਆਂ ਨਾਲ ਮਿਲ ਕੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਮਾਤ ਦਿੱਤੀ ਜਾਵੇ।
ਰਿਪੋਰਟ-ਗਗਨਦੀਪ ਆਹੂਜਾ
-PTC News
ਇਹ ਵੀ ਪੜ੍ਹੋ : ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ 11 ਮੌਤਾਂ ਹੋ ਚੁੱਕੀਆਂ