ਡਾ. ਦਲਜੀਤ ਚੀਮਾ ਦਾ ਕੇਜਰੀਵਾਲ 'ਤੇ ਤੰਜ, ਕਿਹਾ 'ਲੈ ਰਹੇ PM ਹੋਣ ਦੀ Feeling'
ਚੰਡੀਗੜ੍ਹ, 17 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਤੋਂ ਦੇਸ਼ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਉਹਨਾਂ ਦੇ ਅਖੌਤੀ ਕੌਮੀ ਮਿਸ਼ਨ ਵਿਚ ਸ਼ਾਮਲ ਹੋਣ ਦੇ ਨਾਂ ’ਤੇ ਧੋਖਾ ਦੇਣ ਅਤੇ ਵਿਸ਼ਵਾਸਘਾਤ ਕਰਨ ਦੀ ਤਿਆਰੀ ਕਰ ਰਹੇ ਹਨ ਤੇ ਇਹ ਦਾਅਵੇ ਕਰ ਰਹੇ ਹਨ ਕਿ ਉਹ ਭਾਰਤ ਨੂੰ ਦੁਨੀਆਂ ਭਰ ਵਿਚ ਨੰਬਰ ਇਕ ਬਣਾ ਦੇਣਗੇ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਦੇ ਗਿਰਗਟ ਸੁਭਾਅ ਅਤੇ ਝੂਠ ਬੋਲਣ ਤੇ ਧੋਖੇ ਦੇ ਇਤਿਹਾਸ ਤੋਂ ਹਰ ਕੋਈ ਜਾਣੂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਆਪਣੇ ਗੁਰੂ ਅੰਨਾ ਹਜ਼ਾਰੇ ਨਾਲ ਧੋਖਾ ਕੀਤਾ ਤੇ ਉਹਨਾਂ ਦੇ ਖਿਲਾਫ ਗਏ। ਉਹਨਾਂ ਇਹ ਦਾਅਵਾ ਕੀਤਾ ਕਿ ਇੰਡੀਆ ਅਗੇਂਸਟ ਕਰੱਪਸ਼ਨ ਦੀ ਲਹਿਰ ਹਮੇਸ਼ਾ ਸਮਾਜਿਕ ਰਹੇਗੀ ਤੇ ਉਹ ਕਦੇ ਵੀ ਸਿਆਸੀ ਪਾਰਟੀ ਨਹੀਂ ਬਣਾਉਣਗੇ ਪਰ ਉਹ ਆਪਣੇ ਬੋਲਾਂ ਤੋਂ ਭੱਜ ਗਏ। ਉਹਨਾਂ ਕਿਹਾ ਕਿ ਕੇਜਰੀਵਾਲ ਤਾਂ ਇਸ ਵਾਸਤੇ ਵੀ ਜਾਣੇ ਜਾਂਦੇ ਹਨ ਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਕਦੇ ਵੀ ਦਿੱਲੀ ਵਿਚ ਸਰਕਾਰ ਬਣਾਉਣ ਵਾਸਤੇ ਕਾਂਗਰਸ ਦੀ ਹਮਾਇਤ ਨਹੀਂ ਲੈਣਗੇ ਪਰ ਸੱਤਾ ਹਾਸਲ ਕਰਨ ਵਾਸਤੇ ਕੀਤਾ, ਇਸ ਤੋਂ ਬਿਲਕੁਲ ਉਲਟ ਸੀ। ਡਾ. ਚੀਮਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬੀਆਂ ਨਾਲ ਵੀ ਧੋਖਾ ਕੀਤਾ ਹੈ ਜਿਹਨਾਂ ਨੇ ਉਹਨਾਂ ਦੀ 1000 ਰੁਪਏ ਪ੍ਰਤੀ ਮਹੀਨਾ ਹਰ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਕਿਹਾ ਸੀ ਕਿ ਜੇਕਰ ਉਹਨਾਂ ਦੀ ਪਾਰਟੀ ਭਾਰੀ ਬਹੁਮਤ ਵਿਚ ਆਈ ਤਾਂ ਨੌਜਵਾਨਾਂ ਵਾਸਤੇ ਨੌਕਰੀਆਂ ਹੋਣਗੀਆਂ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਲਈ ਕੁਝ ਕਰਨ ਦੀ ਥਾਂ ਕੇਜਰੀਵਾਲ ਨੇ ਪੰਜਾਬ ਨੂੰ ਦਿੱਲੀ ਦੀ ਸਹਾਇਕ ਬਣਾ ਦਿੱਤਾ ਹੈ ਤੇ ਉਹਨਾਂ ਪ੍ਰਸ਼ਾਸਨ ਦੀਆਂ ਸਾਰੀਆਂ ਤਾਕਤਾਂ ਆਪਣੇ ਤੇ ਰਾਘਵ ਚੱਢਾ ਵਰਗੇ ਆਪਣੇ ਚੇਲੇ ਦੇ ਹੱਥ ਵਿਚ ਲੈ ਲਈਆਂ ਹਨ। ਉਹਨਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਹੁਣ ਉਹਨਾਂ ਨੂੰ ਅਜਿਹੇ ਮਿਸ਼ਨਾਂ ਰਾਹੀਂ ਪ੍ਰਧਾਨ ਮੰਤਰੀ ਬਣਨ ਦੇ ਦਿਨ ਦਿਹਾੜੇ ਸੁਫਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ। ਇਹ ਵੀ ਪੜ੍ਹੋ: ਪੰਜਾਬ ਦੇ ਇਕਬਾਲ ਸਿੰਘ ਲਾਲਪੁਰਾ ਭਾਜਪਾ ਸੰਸਦੀ ਬੋਰਡ ਵਿੱਚ ਸ਼ਾਮਲ, ਗਡਕਰੀ ਤੇ ਚੌਹਾਨ ਬਾਹਰ -PTC News