ਡਾ. ਚੀਮਾ ਦੇ ਬਿਆਨ ਨੂੰ ਬਦਲ ਕੇ ਪੇਸ਼ ਕਰਨ ਦੇ ਮਾਮਲੇ 'ਚ ਚੋਣ ਕਮਿਸ਼ਨ ਨੂੰ ਸ਼ਕਾਇਤ ਦਰਜ
ਰੋਪੜ: ਸਾਬਕਾ ਸਿੱਖਿਆ ਮੰਤਰੀ ਅਤੇ ਰੋਪੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਜਾਅਲੀ ਪੋਸਟ ਪਾਉਣ ਵਿਰੁੱਧ ਯੂਥ ਅਕਾਲੀ ਦਲ ਨੇ ਚੋਣ ਕਮਿਸ਼ਨ ਤੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਤੁਰੰਤ ਐਫ.ਆਈ.ਆਰ ਦਰਜ ਕਰਨ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਚੋਣਾਂ 2022: ਕਾਂਗਰਸ ਦੇ ਸ਼ਮਸ਼ੇਰ ਦੂਲੋ ਨੇ ਪਾਰਟੀ 'ਚ ਟਿਕਟਾਂ ਦੀ ਵਿਕਰੀ ਦੇ ਲਾਏ ਦੋਸ਼
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ 8 ਫਰਵਰੀ ਨੂੰ ਰੋਪੜ ਵਿਚ ਹੋਈ ਅਕਾਲੀ ਦਲ ਦੇ ਰੈਲੀ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਦੇ ਮਾਮਲੇ ਵਿਚ ਡਾ. ਦਲਜੀਤ ਸਿੰਘ ਚੀਮਾ ਤੋਂ ਡੇਰਾ ਸਿਰਸਾ ਮੁਖੀ ਦੀ ਪੈਰੋਲ ਬਾਰੇ ਸਵਾਲ ਪੁੱਛਿਆ ਗਿਆ ਸੀ।
ਜਿਸਦਾ ਜਵਾਬ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤਾ ਸੀ ਕਿ ਕਾਨੂੰਨ ਮੁਤਾਬਕ ਕਾਰਵਾਈ ਦਾ ਸਭ ਨੂੰ ਹੱਕ ਹੈ। ਜਦ ਕਿ ਸੋਸ਼ਲ ਮੀਡੀਆ 'ਤੇ ਇਹ ਝੁਠੀ ਪੋਸਟ ਪਾ ਦਿੱਤੀ ਕਿ ਡਾ. ਚੀਮਾ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦਾ ਸਵਾਗਤ ਕੀਤਾ ਹੈ ਜਦੋਂ ਕਿ ਅਜਿਹਾ ਕੁਝ ਵੀ ਡਾ. ਚੀਮਾ ਨੇ ਕਦੇ ਨਹੀਂ ਕੀਤਾ।
ਉਹਨਾਂ ਕਿਹਾ ਕਿ ਇਹ ਸਭ ਕੁਝ ਮੌਜੂਦਾ ਚੋਣਾਂ ਵਿਚ ਇਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਸਭ ਨੂੰ ਦਿਸ ਰਿਹਾ ਹੈ ਕਿ ਹਲਕੇ ਦੇ ਲੋਕ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਹਨ ਤੇ ਉਹਨਾਂ ਦੀ ਜਿੱਤ ਯਕੀਨੀ ਹੈ।
ਇਹ ਵੀ ਪੜ੍ਹੋ: ਬੈਂਸ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਕੀਤੇ ਸਵਾਲ, ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ
ਉਹਨਾਂ ਕਿਹਾ ਕਿ ਅਜਿਹੇ ਵਿਚ ਝੂਠੇ ਤੇ ਮਨਘੜਤ ਪ੍ਰਚਾਰ ਰਾਹੀਂ ਵੋਟਰਾਂ ਨੁੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਅਸੀਂ ਪਰਮਵੀਰ ਸਿੰਘ ਵੱਲੋਂ ਚੋਣ ਕਮਿਸ਼ਨ ਤੇ ਐਸ.ਐਸ.ਪੀ ਰੋਪੜ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਧਾਰਾ 295 ਏ, 298, 505, 506, 389 ਅਤੇ 420 ਆਈ.ਪੀ.ਸੀ ਤਹਿਤ ਐਫ.ਆਈ.ਆਰ ਦਰਜ ਕਰ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
-PTC News