ਉੱਤਰੀ ਭਾਰਤ 'ਚ ਸੰਘਣੀ ਧੁੰਦ ਦੇ ਨਾਲ ਠੰਡ ਦਾ ਦੋਹਰਾ ਕਹਿਰ, ਜਾਣੋ ਵੱਖ -ਵੱਖ ਸੂਬਿਆਂ ਦਾ ਹਾਲ
Weather Forecast Today Update: ਦੇਸ਼ ਵਿਚ ਸੰਘਣੀ ਧੁੰਦ ਦੇ ਨਾਲ ਠੰਡ ਦਾ ਦੋਹਰਾ ਕਹਿਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਡ ਅਜੇ ਖ਼ਤਮ ਨਹੀਂ ਹੋਈ ਹੈ। ਅੱਜ ਕੜਾਕੇ ਦੀ ਠੰਢ ਵਿਚਾਲੇ ਸੰਘਣੀ ਧੁੰਦ ਕਾਰਨ ਵੀ ਲੋਕ ਬਹੁਤ ਪ੍ਰੇਸ਼ਾਨ ਹਨ। ਦੱਸ ਦੇਈਏ ਕਿ ਅੱਜ ਦਿੱਲੀ-ਐਨਸੀਆਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਮੌਸਮ ਵਿਭਾਗ (IMD) ਨੇ ਵੀ ਇਸ ਹਫ਼ਤੇ ਦਿੱਲੀ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਠੰਡ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਯੂਪੀ-ਬਿਹਾਰ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੇਗੀ। ਠੰਢ ਕਾਰਨ ਲੋਕਾਂ ’ਤੇ ਦੋਹਰੀ ਮਾਰ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਜੰਮੂ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਮੁਤਾਬਕ ਦਿੱਲੀ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਅੰਮ੍ਰਿਤਸਰ, ਲਖਨਊ ਅਤੇ ਗੋਰਖਪੁਰ ਵਿੱਚ ਵਿਜ਼ੀਬਿਲਟੀ 25 ਮੀਟਰ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਦਿੱਲੀ, ਚੰਡੀਗੜ੍ਹ, ਬਰੇਲੀ, ਬਹਿਰਾਇਚ, ਵਾਰਾਣਸੀ ਅਤੇ ਪਟਨਾ ਵਿੱਚ 50 ਮੀਟਰ ਤੱਕ ਵਿਜ਼ੀਬਿਲਟੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਲਖਨਊ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਹੋ ਸਕਦਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਵੀ ਅੱਜ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਇੱਥੇ ਘੱਟੋ-ਘੱਟ ਤਾਪਮਾਨ 10 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹੇਗਾ। -PTC News