ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਕੈਦੀਆਂ ਦਾ ਹੋਇਆ ਡੋਪ ਟੈਸਟ, 900 ਦੇ ਕਰੀਬ ਕੈਦੀ ਨਿਕਲੇ ਨਸ਼ੇ ਦੇ ਆਦੀ
ਅੰਮ੍ਰਿਤਸਰ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਜੇਲ੍ਹਾਂ ਵਿੱਚ ਬੰਦ ਸਾਰੇ ਅੰਡਰ ਟਰਾਇਲ ਅਤੇ ਸਜ਼ਾ ਯਾਫ਼ਤਾ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਇਸੇ ਤਹਿਤ ਜਦੋਂ ਇਨ੍ਹਾਂ ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਜੇਲ੍ਹ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂੂਦ 1900 ਕੈਦੀਆਂ ਦੇ ਡੋਪ ਟੈਸਟਾਂ ਵਿੱਚੋਂ 900 ਨਸ਼ੇ ਦੇ ਆਦੀ ਪਾਏ ਗਏ ਹਨ। ਸਲਾਖਾਂ 'ਚ ਕੈਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਲੱਤ ਲੱਗ ਗਈ ਹੈ। ਇਨ੍ਹਾਂ ਕੈਦੀਆਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਾ ਕਰਨ ਦੀਆਂ ਰਿਪੋਰਟਾਂ ਦੇਖ ਕੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਭਾਵੇਂ ਇਸ ਸੰਦਰਭ ਵਿੱਚ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ ਪਰ ਇਹ ਸੋਲ੍ਹਾਂ ਆਨੇ ਦਾ ਸੱਚ ਹੈ। ਇਹ ਵੀ ਪੜ੍ਹੋ: World Athletics Championships 2022: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਦਾ ਤਗਮਾ ਦਰਅਸਲ, ਅੰਮ੍ਰਿਤਸਰ ਜੇਲ੍ਹ ਵਿੱਚ 3600 ਕੈਦੀ ਸਜ਼ਾ ਭੁਗਤ ਰਹੇ ਹਨ। ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ 1900 ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ। ਦੇਰ ਸ਼ਾਮ ਜਦੋਂ ਰਿਪੋਰਟ ਤਿਆਰ ਕੀਤੀ ਗਈ ਤਾਂ ਕਰੀਬ 50 ਫੀਸਦੀ ਕੈਦੀ ਨਸ਼ੇ ਦਾ ਸ਼ਿਕਾਰ ਪਾਏ ਗਏ। ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਕੈਦੀ ਅਫੀਮ, ਭੁੱਕੀ ਦੇ ਆਦੀ ਹਨ। ਨਸ਼ੇ ਦੀ ਲਤ ਤੋਂ ਪੀੜਤ 900 ਕੈਦੀਆਂ ਵਿੱਚ ਉਹ ਵੀ ਸ਼ਾਮਲ ਹਨ ਜੋ ਨਸ਼ਾ ਛੁਡਾਉਣ ਲਈ ਸਰਕਾਰੀ ਓਟ ਸੈਂਟਰ ਤੋਂ ਦਵਾਈ ਲੈ ਰਹੇ ਹਨ। ਹਾਲਾਂਕਿ ਨਸ਼ਾ ਛੁਡਾਉਣ 'ਚ ਵਰਤੇ ਜਾਣ ਵਾਲੇ ਨਸ਼ੇ 'ਚ ਮੋਰਫਿਨ ਦੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣੀ ਤੈਅ ਹੈ। ਵੱਡਾ ਸਵਾਲ : ਕੈਦੀਆਂ ਤੱਕ ਨਸ਼ਾ ਕੌਣ ਪਹੁੰਚਾਉਂਦਾ ਹੈ? ਹੁਣ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਆਖ਼ਰ ਕੈਦੀਆਂ ਨੂੰ ਨਸ਼ਾ ਕੌਣ ਦੇ ਰਿਹਾ ਹੈ? ਜੇਕਰ ਪਿਛਲੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਨਵੰਬਰ 2016 'ਚ ਤਤਕਾਲੀ ਸਰਕਾਰ ਨੇ ਜੇਲ੍ਹਾਂ 'ਚ ਹਰ ਹਫ਼ਤੇ ਮੈਡੀਕਲ ਕੈਂਪ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਨ੍ਹਾਂ ਕੈਂਪਾਂ ਵਿੱਚ ਨਸ਼ਾ ਪੀੜਤਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। ਦੁੱਖ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਕੈਦੀ ਨਸ਼ੇ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਉਦੋਂ ਵੀ ਅੰਮ੍ਰਿਤਸਰ ਜੇਲ੍ਹ ਦੇ 700 ਤੋਂ ਵੱਧ ਕੈਦੀ ਅਫੀਮ, ਹੈਰੋਇਨ, ਭੁੱਕੀ ਅਤੇ ਸਮੈਕ ਵਰਗੇ ਖਤਰਨਾਕ ਨਸ਼ਿਆਂ ਦੇ ਆਦੀ ਪਾਏ ਗਏ ਸਨ। 2016 ਵਿੱਚ ਤਿੰਨ ਕਰਮਚਾਰੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਫੜੇ ਗਏ ਸਨ। -PTC News