ਮੈਦਾਨ ਦੇ ਪਖ਼ਾਨਿਆਂ 'ਚੋਂ ਮਿਲੇ ਟੀਕੇ ਤੇ ਸਿਰਿੰਜਾਂ, 'ਖੇਡਾਂ ਵਤਨ ਪੰਜਾਬ ਦੀਆਂ' 'ਤੇ ਡੋਪ ਟੈਸਟ ਦੇ ਬੱਦਲ ਛਾਏ!
ਪਟਿਆਲਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ 'ਖੇਡ ਵਤਨ ਪੰਜਾਬ ਦੀਆਂ' ਤਹਿਤ ਪੰਜਾਬੀ ਯੂਨੀਵਰਸਿਟੀ ਵਿਚ ਕਰਵਾਏ ਜਾ ਰਹੇ ਖੇਡ ਮੁਕਾਬਲੇ ਦੌਰਾਨ ਮੈਦਾਨ ਦੇ ਪਖ਼ਾਨਿਆਂ ਵਿਚ ਸਿਰਿੰਜਾਂ ਦੇ ਟੀਕੇ ਬਰਾਮਦ ਕੀਤੇ ਗਏ ਹਨ। ਪੰਜਾਬੀ ਯੂਨੀਵਰਸਿਟੀ ਵਿਚ ਚੱਲ ਰਹੇ ਖੇਡ ਮੁਕਾਬਲਿਆਂ ਦੌਰਾਨ ਬਾਥਰੂਮ 'ਚ ਟੀਕਿਆਂ ਦੀਆਂ ਖਾਲੀ ਸ਼ੀਸ਼ੀਆਂ ਤੇ ਇਸਤੇਮਾਲ ਕੀਤੀਆਂ ਹੋਈਆਂ ਸਿਰਿੰਜਾਂ ਮਿਲੀਆਂ। ਇਹ ਤਾਕਤ ਵਧਾਊ ਟੀਕੇ ਹਨ, ਜਿਨ੍ਹਾਂ ਨੂੰ ਖੇਡ ਜਗਤ ਵਿਚ ਡੋਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹੇ ਹਾਲਾਤ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਉਤੇ ਡੋਪ ਟੈਸਟ ਦੇ ਬੱਦਲਾਂ ਦਾ ਕਾਲਾ ਸਾਇਆ ਪੈ ਚੁੱਕਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੀ ਕੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਨਿਗਰਾਨੀ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਵੀ ਕੀਤੀ ਜਾ ਰਹੀ ਹੈ। ਲੜਕਿਆਂ ਲਈ ਬਣੇ ਦੋ ਪਖ਼ਾਨਿਆਂ 'ਚ ਖ਼ਾਲੀ ਟੀਕੇ, ਸਿਰਿੰਜਾਂ ਤੇ ਗੋਲੀਆਂ ਦੇ ਪੱਤੇ ਵੀ ਪਏ ਮਿਲੇ ਹਨ। ਦੂਜੇ ਪਾਸੇ ਖੇਡ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਇਸ ਤੋਂ ਅਣਜਾਣ ਬਣੇ ਹੋਏ ਹਨ। ਖੇਡ ਮਾਹਰਾਂ ਅਨੁਸਾਰ ਕੋਈ ਵੀ ਈਵੈਂਟ ਹੋਵੇ, ਉਸ ਵਿਚ ਡੋਪ ਟੈਸਟ ਜ਼ਰੂਰ ਹੋਣਾ ਚਾਹੀਦਾ ਹੈ। ਜ਼ੋਰ ਵਾਲੀਆਂ ਖੇਡਾਂ ਪਾਵਰ ਲਿਫਟਿੰਗ, ਕੁਸ਼ਤੀ ਤੇ ਕਬੱਡੀ ਆਦਿ ਖੇਡਾਂ ਵਿਚ ਡੋਪ ਟੈਸਟ ਜ਼ਰੂਰ ਹੁੰਦਾ ਹੈ। ਸਰਕਲ ਕਬੱਡੀ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ। ਅੰਤਰਰਾਸ਼ਟਰੀ ਪੱਧਰ ਉਤੇ ਹੋਣ ਵਾਲੀਆਂ ਖੇਡਾਂ ਵਿਚ ਵੀ ਕਈ ਖਿਡਾਰੀ ਡੋਪ ਟੈਸਟ ਵਿਚ ਫਸ ਚੁੱਕੇ ਹਨ। ਰਿਪੋਰਟ-ਗਗਨਦੀਪ ਆਹੂਜਾ -PTC News ਇਹ ਵੀ ਪੜ੍ਹੋ : ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਮਨਿਸਟਰੀਅਲ ਸਟਾਫ਼ ਨੇ 26 ਅਕਤੂਬਰ ਤੱਕ ਵਧਾਈ ਹੜਤਾਲ