ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਅਨਫਿੱਟ ਕਰਾਰਿਆ, ਅਦਾਲਤ 'ਚ ਪੇਸ਼ੀ ਟਲੀ
ਪਟਿਆਲਾ, 21 ਅਕਤੂਬਰ: ਸੀ.ਐਲ.ਯੂ ਮਾਮਲੇ 'ਚ ਗਵਾਹੀ ਦੇਣ ਜਾ ਰਹੇ ਨਵਜੋਤ ਸਿੱਧੂ ਅੱਜ ਲੁਧਿਆਣਾ ਅਦਾਲਤ 'ਚ ਪੇਸ਼ ਨਹੀਂ ਹੋਣਗੇ। ਪਟਿਆਲਾ ਵਿੱਚ ਸਿੱਧੂ ਦਾ ਮੈਡੀਕਲ ਚੈਕਅੱਪ ਕੀਤਾ ਗਿਆ, ਇਸ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਅਨਫਿਟ ਦੱਸਿਆ ਅਤੇ ਇਕ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੀ.ਐਲ.ਯੂ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਗਵਾਹ ਵਜੋਂ ਅਦਾਲਤ ਵਿੱਚ ਪੇਸ਼ ਕਰਨ ਲਈ 18 ਅਕਤੂਬਰ ਨੂੰ ਵਾਰੰਟ ਜਾਰੀ ਕੀਤੇ ਗਏ ਸਨ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਨਵਜੋਤ ਸਿੱਧੂ ਨੂੰ 21 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਮਾਮਲੇ ਦੀ ਜਾਂਚ ਅੱਗੇ ਵਧ ਸਕੇ। ਇਸ ਬਾਬਤ ਅਦਾਲਤ ਨੇ ਸਿੱਧੂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਸੀ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਤੌਰ 'ਤੇ ਅਨਫਿੱਟ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ਦੀ ਅਦਾਲਤ 'ਚ ਪੇਸ਼ੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਅਦਾਲਤ 'ਚ ਵੀ ਪੇਸ਼ ਹੋਣਗੇ ਜਾਂ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਮੈਡੀਕਲ ਫਿੱਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਿੱਧੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਉਣਾ ਸੀ। ਦੱਸ ਦੇਈਏ ਕਿ ਸਵੇਰ ਤੋਂ ਹੀ ਸਿੱਧੂ ਦੇ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ। ਇਹ ਹੈ ਪੂਰਾ ਮਾਮਲਾ ਚਾਰ ਸਾਲ ਪਹਿਲਾਂ ਆਰ.ਟੀ.ਆਈ. ਕਾਰਕੁੰਨ ਕੁਲਦੀਪ ਖਹਿਰਾ ਨੇ ਗਿੱਲ ਰੋਡ 'ਤੇ ਇਕ ਗਰੁੱਪ ਹਾਊਸਿੰਗ ਪ੍ਰੋਜੈਕਟ ਦੇ ਨਿਰਮਾਣ 'ਤੇ ਸਵਾਲ ਚੁੱਕਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਤੋਂ ਬਾਅਦ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਾਮਲੇ ਦੀ ਜਾਂਚ ਡੀਐਸਪੀ ਬਲਵਿੰਦਰ ਸੇਖੋਂ ਨੂੰ ਸੌਂਪੀ ਸੀ। ਸੇਖੋਂ ਨੇ ਰਿਪੋਰਟ ਤਿਆਰ ਕੀਤੀ ਜੋ ਮੰਤਰੀ ਸਿੱਧੂ ਨੂੰ ਸੌਂਪੀ ਗਈ। ਇਸ ਦੌਰਾਨ ਆਸ਼ੂ ਅਤੇ ਡੀਐਸਪੀ ਵਿਚਕਾਰ ਫੋਨ ’ਤੇ ਬਹਿਸ ਹੋ ਗਈ। ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਸੇਖੋਂ ਨੂੰ ਨਗਰ ਨਿਗਮ ਦੇ ਅਹੁਦੇ ਤੋਂ ਹਟਾ ਕੇ ਕਮਾਂਡੋ ਤਾਇਨਾਤ ਕਰ ਦਿੱਤਾ ਗਿਆ। ਬਾਅਦ ਵਿੱਚ ਬਰਖਾਸਤ ਕੀਤੇ ਗਏ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਜਨਵਰੀ 2020 ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਗ੍ਰੈਂਡ ਮੈਨੋਰ ਹੋਮਸ ਸੀਐਲਯੂ ਕੇਸ ਦੀ ਜਾਂਚ ਨਾਲ ਸਬੰਧਤ ਛੇੜਖਾਨੀ ਅਤੇ ਅਪਰਾਧਿਕ ਧਮਕੀਆਂ ਦੇ ਦੋਸ਼ ਲਾਉਂਦਿਆਂ ਅਦਾਲਤ ਵਿੱਚ ਦਰਖਾਸਤ ਦਿੱਤੀ ਸੀ। ਇਹ ਵੀ ਪੜ੍ਹੋ: ਵਿਗੜਨ ਲੱਗੀ ਪੰਜਾਬ ਦੀ ਆਬੋ ਹਵਾ, ਕੁਝ ਜ਼ਿਲ੍ਹਿਆਂ ਦਾ AQI 100 ਤੋਂ ਪਾਰ ਸੇਖੋਂ ਨੇ ਪੁਲਿਸ ਕੋਲ ਕੰਮ ’ਤੇ ਇੱਕ ਸਰਕਾਰੀ ਮੁਲਾਜ਼ਮ ਨੂੰ ਡਰਾਉਣ, ਅੜਿੱਕਾ ਪਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਸੀ। ਇਸ ਦੀ ਸੁਣਵਾਈ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਮਿਤ ਮੱਕੜ ਦੀ ਅਦਾਲਤ ਵਿੱਚ ਚੱਲ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਆਸ਼ੂ 'ਤੇ ਹਾਊਸਿੰਗ ਪ੍ਰਾਜੈਕਟ ਦੇ ਸੀਐਲਯੂ ਮਾਮਲੇ ਦੌਰਾਨ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਹੈ। -PTC News