ਸੰਗਰੂਰ 'ਚ ਕੋਰੋਨਾ ਦਾ ਕਹਿਰ, ਇੱਕ ਡਾਕਟਰ ਦੀ ਰਿਪੋਰਟ ਆਈ ਪਾਜ਼ੀਟਿਵ
ਸੰਗਰੂਰ 'ਚ ਕੋਰੋਨਾ ਦਾ ਕਹਿਰ, ਇੱਕ ਡਾਕਟਰ ਦੀ ਰਿਪੋਰਟ ਆਈ ਪਾਜ਼ੀਟਿਵ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1451 ਹੋ ਗਈ ਹੈ। ਹੁਣ ਕੋਰੋਨਾ ਵਾਇਰਸ ਖਿਲਾਫ ਪਹਿਲੀ ਕਤਾਰ ਵਿਚ ਜੰਗ ਲੜ ਡਾਕਟਰ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਸੰਗਰੂਰ ਦੇ ਵਸਨੀਕ ਇਕ ਡਾਕਟਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਸੰਗਰੂਰ ਵਾਸੀ ਡਾਕਟਰ ਗੁਜਰਾਤ ਦੇ ਇਕ ਸ਼ਹਿਰ ਵਿਖੇ ਡਿਊਟੀ ਕਰਦਾ ਸੀ ਜੋ ਕਿ ਪਿਛਲੇ ਦਿਨੀਂ ਸੰਗਰੂਰ ਆਇਆ ਸੀ। ਜਿਸ ਦਾ ਸੈਂਪਲ ਕੋਰੋਨਾ ਟੈਸਟ ਲਈ ਭੇਜਿਆ ਗਿਆ ਜੋ ਕਿ ਪਾਜ਼ੀਟਿਵ ਪਾਇਆ ਗਿਆ ਹੈ। ਇਹ ਪਾਜ਼ੀਟਿਵ ਕੇਸ ਬੀਤੀ ਰਾਤ ਆਏ 11 ਪਾਜ਼ੀਟਿਵ ਕੇਸਾਂ ਵਿਚੋਂ ਇਕ ਹੈ। ਦੱਸ ਦੇਈਏ ਕਿ ਸੰਗਰੂਰ ਜ਼ਿਲੇ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 33 ਪਾਜ਼ੀਟਿਵ ਮਰੀਜ਼ ਪਾਏ ਗਏ ਸਨ। ਜਿਨ੍ਹਾਂ 'ਚੋਂ ਮੰਗਲਵਾਰ ਸਵੇਰੇ 22 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ,ਜਦਕਿ ਮੰਗਲਵਾਰ ਦੇਰ ਸ਼ਾਮ 11 ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਜ਼ਿਲੇ ਅੰਦਰ ਕੁੱਲ ਮਰੀਜ਼ਾਂ ਦੀ ਗਿਣਤੀ 95 'ਤੇ ਪੁੱਜ ਗਈ ਹੈ। ਦੱਸਣਯੋਗ ਹੈ ਕਿ ਪਾਜ਼ੀਟਿਵ ਮਰੀਜ਼ਾਂ ਵਿਚ ਜ਼ਿਆਦਾਤਰ ਸ੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ। -PTCNews