ਦੀਵਾਲੀ ਨੇ ਮਿਟਾਈਆਂ ਦੂਰੀਆਂ: ਭਾਰਤ-ਪਾਕਿ ਸਰਹੱਦ 'ਤੇ ਆਪਸ 'ਚ ਵੰਡੀਆਂ ਮਠਿਆਈਆਂ
ਚੰਡੀਗੜ੍ਹ, 24 ਅਕਤੂਬਰ: ਦੀਵਾਲੀ ਮੌਕੇ ਭਾਰਤ-ਪਾਕਿਸਤਾਨ ਸਰਹੱਦ 'ਤੇ ਅੱਜ ਦੋਵੇਂ ਮੁਲਕਾਂ ਦੇ ਸੁਰੱਖਿਆ ਬਲਾਂ ਵਿਚਕਾਰ ਦੋਸਤੀ ਅਤੇ ਭਾਈਚਾਰੇ ਦਾ ਖ਼ੂਬਸੂਰਤ ਦ੍ਰਿਸ਼ ਵੇਖਣ ਨੂੰ ਮਿਲਿਆ। ਜਿੱਥੇ ਜੰਗ ਦੇ ਮੈਦਾਨ 'ਚ ਵਿਰੋਧੀਆਂ ਮਹੁਰੇ ਡਟਣ ਵਾਲੀਆਂ ਸਰਹੱਦੀ ਸੁਰੱਖਿਆ ਬਲਾਂ ਨੇ ਇੱਕ ਦੂਸਰੇ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ, ਉੱਥੇ ਹੀ ਗੁਆਂਢੀ ਮੁਲਕ ਨਾਲ ਦੀਵਾਲੀ ਦੀ ਖ਼ੁਸ਼ੀ ਸਾਂਝੀ ਕਰਦਿਆਂ ਬੀਐਸਐਫ ਅਧਿਕਾਰੀਆਂ ਨੇ ਆਪਣੇ ਹਮ ਰੁਤਬਾ ਪਾਕਿ ਰੇਂਜਰਜ਼ ਨੂੰ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਦੀ ਜ਼ੀਰੋ ਲਾਈਨ 'ਤੇ ਮਠਿਆਈਆਂ ਦੇ ਕੇ ਦੀਵਾਲੀ ਦੀ ਖ਼ੁਸ਼ੀ ਸਾਂਝੀ ਕੀਤੀ। ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਆਮਿਰ ਨੇ ਬੀਐਸਐਫ ਦੇ ਕਮਾਂਡਰ ਜਸਵੀਰ ਸਿੰਘ ਨੂੰ ਮਠਿਆਈਆਂ ਦੇ ਡੱਬੇ ਦੇ ਕੇ ਪਾਕਿਸਤਾਨ ਦੀ ਤਰਫੋਂ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਬੀਐਸਐਫ ਵੱਲੋਂ ਪਾਕਿ ਰੇਂਜਰਾਂ ਦੀ ਮਠਿਆਈ ਕਬੂਲ ਕਰਦਿਆਂ ਇੱਕ ਦੂਸਰੇ ਨੂੰ ਹੱਥ ਮਿਲਾਉਂਦਿਆਂ ਜੱਫੀ ਪਾ ਕੇ ਮਠਿਆਈਆਂ ਲਈਆਂ ਅਤੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਅਕਸਰ ਹੀ ਇੱਕ ਦੂਸਰੇ ਖ਼ਿਲਾਫ਼ ਤਿੱਖੇ ਤੇਵਰ ਆਪਣਾ ਕੇ ਡਟਣ ਵਾਲੀਆਂ ਦੋਵੇਂ ਮੁਲਕਾਂ ਦੀਆਂ ਸਰਹੱਦੀ ਫੋਰਸਾਂ ਨੂੰ ਇੱਕ ਦੂਸਰੇ ਨਾਲ ਗਲੇ ਮਿਲ ਕੇ ਖ਼ੁਸ਼ੀਆਂ ਸਾਂਝੀਆਂ ਕਰਦੇ ਦੇਖਣਾ ਦੋਵੇਂ ਦੇਸ਼ਾਂ ਦੇ ਬਾਸ਼ਿੰਦਿਆਂ ਲਈ ਇੱਕ ਸੁਖਦ ਅਨੁਭਵ ਹੈ।