ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਲਾ ਮੁਹੱਲਾ ਮੌਕੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ
ਸ੍ਰੀ ਅਨੰਦਪੁਰ ਸਾਹਿਬ: ਸੋਨਾਲੀ ਗਿਰਿ ਆਈ.ਏ.ਐਸ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ (ਜੋ ਕਿ ਪੰਜਾਬ ਆਬਕਾਰੀ ਐਕਟ 1954 ਦੇ ਅਧੀਨ ਹਾਸਲ ਹਨ) ਹੋਲਾ ਮੁਹੱਲਾ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਤਿੰਨ ਕਿਲੋਮੀਟਰ ਦੇ ਏਰੀਏ ਅੰਦਰ 17 ਮਾਰਚ ਤੋ 19 ਮਾਰਚ ਤੱਕ ਹਰ ਕਿਸਮ ਦੇ ਸ਼ਰਾਬ ਦੇ ਠੇਕੇ/ਅਹਾਤੇ,ਸ਼ਰਾਬ ਦੇ ਭੰਡਾਰ ਰੱਖਣ, ਹੋਟਲਾਂ ਆਦਿ ਵਿਚ ਸ਼ਰਾਬ ਦੀ ਵਰਤੋ ਤੇ ਪੂਰਨ ਪਾਬੰਦੀ ਲਗਾਈ ਹੈ। ਹੋਲਾ ਮੁਹੱਲਾ ਦੇ ਤਿਉਹਾਰ ਮੌਕੇ ਲੱਖਾਂ ਸ਼ਰਧਾਲੂ ਇਸ ਮੌਕੇ ਤੇ ਧਾਰਮਿਕ ਭਾਵਨਾਵਾਂ ਨਾਲ ਇਨ੍ਹਾਂ ਨਗਰਾਂ ਵਿਚ ਆਉਦੇ ਹਨ ਅਤੇ ਅਜਿਹੇ ਧਾਰਮਿਕ ਸਮਾਗਮਾਂ ਉਤੇ ਸ਼ਰਾਬ ਪੀ ਕੇ ਆਉਣ ਵਾਲੇ ਵਿਅਕਤੀ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ ਅਤੇ ਇਸ ਦੇ ਨਾਲ ਹੀ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਕਰ ਸਕਦੇ ਹਨ। ਇਹ ਵੀ ਪੜ੍ਹੋ : ਲੋਕਾਂ ਨੂੰ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਆਉਣਾ ਪਵੇਗਾ : ਭਗਵੰਤ ਮਾਨ ਜਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਆਦੇਸ਼ ਅਨੁਸਾਰ ਇਸ ਸਬੰਧੀ ਇਹ ਜਰੂਰੀ ਸਮਝਿਆ ਜਾਂਦਾ ਹੈ ਕਿ ਹੋਲੇ ਮੁਹੱਲੇ ਦੇ ਤਿਉਹਾਰ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਅੰਦਰ ਆਉਣ ਵਾਲੇ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ। ਇਹ ਹੁਕਮ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਇੱਕ ਤਰਫਾ ਪਾਸ ਕਰਕੇ ਪਬਲਿਕ ਦੇ ਨਾਮ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੋਨਾਲੀ ਗਿਰਿ ਆਈ.ਏ.ਐਸ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਜਾਬਤਾ ਫੋਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੌਰਾਨ ਕਿਸੇ ਵੀ ਵਿਅਕਤੀ ਦੇ ਅਸਲਾ ਲੈ ਕੇ ਚੱਲਣ ਤੇ ਪੂਰਨ ਪਾਬੰਦੀ ਹੋਵੇਗੀ। ਪ੍ਰੰਤੂ ਇਹ ਪਾਬੰਦੀ ਡਿਊਟੀ ਤੇ ਤੈਨਾਤ ਪੁਲਿਸ/ਪੈਰਾ ਮਿਲਟਰੀ ਫੋਰਸਿਜ਼ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਲਾਗੂ ਨਹੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੁਝ ਮਹੱਤਵਪੂਰਨ ਸਖਸੀਅਤਾਂ ਨੂੰ ਉਨ੍ਹਾਂ ਦੀ ਸੁਰੱਖਆ ਲਈ ਅਸਲਾ ਰੱਖਣ ਦੀ ਲੋੜ ਹੋਵੇਗੀ ਤਾਂ ਉਹ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੀ ਸਿਫਾਰਿਸ਼ ਉਪਰੰਤ ਵਧੀਕ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਤੋ ਸਪੈਸ਼ਲ ਪ੍ਰਵਾਨਗੀ ਲੈ ਕੇ ਅਸਲਾ ਰੱਖ ਸਕਣਗੇ। -PTC News