ਰੋਡਵੇਜ਼ ਦੀ ਬੱਸ ਨੂੰ ਲੈ ਕੇ ਮਿੰਨੀ ਬੱਸ ਚਾਲਕਾਂ ਤੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਵਿਚਕਾਰ ਤਕਰਾਰ
ਰਾਜਾਸਾਂਸੀ, 26 ਮਈ: ਨਾ ਜਾਣੇ ਪੰਜਾਬ ਰੋਡਵੇਜ਼ ਦੇ ਕਿਹੜੇ ਭਾਗ ਜਾਗ ਚੁੱਕੇ ਨੇ ਕਿ ਪਹਿਲਾਂ ਸਿਰਫ਼ ਦਿੱਲੀ ਦੀ ਬਰੂਹਾਂ ਨੂੰ ਛੂਹ ਕਿ ਵਾਪਸ ਪਰਤਣ ਵਾਲੀ ਪੰਜਾਬ ਸਰਕਾਰ ਦੀਆਂ ਪੰਜਾਬ ਰੋਡਵੇਜ਼ ਬੱਸਾਂ ਨੇ ਜਿੱਥੇ ਹੁਣ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਵਹੀਰਾਂ ਘੱਟਣ ਦੀ ਤਿਆਰੀ ਖਿੱਚ ਲਈ ਹੈ, ਉੱਥੇ ਹੀ ਹੁਣ ਪੰਜਾਬ 'ਚ ਵੀ ਪਿੰਡ ਪਿੰਡ ਰੋਡਵੇਜ਼ ਦੀਆਂ ਬੱਸਾਂ ਦੀ ਡਿਮਾਂਡ ਵੱਧ ਦੀ ਨਜ਼ਰ ਆ ਰਹੀ ਹੈ ਜਾਂ ਇੰਜ ਕਹਿ ਲਵੋ ਵੀ ਨਿੱਜੀ ਬੱਸ ਚਾਲਕਾਂ ਦੀਆਂ ਟੈਂਸ਼ਨਾਂ 'ਚ ਵਾਧਾ ਹੋਇਆ ਹੈ। ਇਹ ਵੀ ਪੜ੍ਹੋ: ਜੇਲ੍ਹ ‘ਚੋਂ ਮੋਬਾਈਲ ਮਿਲਣ 'ਤੇ ਕੇਂਦਰੀ ਜੇਲ੍ਹ ਫਰੀਦਕੋਟ ਦਾ ਸੁਪਰਡੈਂਟ ਸਸਪੈਂਡ ਖ਼ਬਰ ਅੱਜ ਸਵੇਰ ਦੀ ਹੈ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦੇ ਪਿੰਡ ਲੁਹਾਰਕਾ ਕਲਾਂ ਵਿਖੇ ਮਿੰਨੀ ਬੱਸ ਚਾਲਕਾਂ ਅਤੇ ਵੱਖ ਵੱਖ ਪਿੰਡ ਦੇ ਵਸਨੀਕ ਆਹਮੋ-ਸਾਹਮਣੇ ਹੋ ਗਏ। ਇਸ ਦਰਮਿਆਨ ਦੋਵਾਂ ਧਿਰਾਂ ਵਿਚਕਾਰ ਭਾਰੀ ਤਕਰਾਰ ਹੋਇਆ, ਜਿਸ ਤੋਂ ਬਾਅਦ ਪਿੰਡਾਂ ਦੇ ਵਸਨੀਕਾਂ ਵੱਲੋਂ ਮਿੰਨੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਤੇ ਉਨ੍ਹਾਂ ਰੋਡਵੇਜ਼ ਦੀਆਂ ਬੱਸਾਂ ਚਲਾਉਣ ਦੇ ਹੱਕ ਵਿਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਾਲਿਆਂ ਦੇ ਹੱਕ ਵਿੱਚ ਨਿੱਤਰੇ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਤੇ ਪਿੰਡ ਬਾਠ ਦੇ ਸਾਬਕਾ ਸਰਪੰਚ ਥੰਮਨ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਰੀਵਾਲ ਨੂੰ ਮੰਗ ਪੱਤਰ ਦੇ ਕੇ ਬੀਤੇ ਕਲ ਤੋਂ ਵਾਇਆ ਅੰਮ੍ਰਿਤਸਰ ਹੌਦਿਆਂ ਗੁੰਮਟਾਲਾ, ਲੁਹਾਰਕਾ, ਜਗਦੇਵ ਕਲਾਂ, ਖਤਰਾਏ ਕਲਾ ਤੋਂ ਪਿੰਡ ਬਾਠ ਤੱਕ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੇ ਹੀ ਦਿਨ ਰੋਡਵੇਜ਼ ਦੀ ਬੱਸ ਨੂੰ ਮਿੰਨੀ ਬੱਸ ਯੂਨੀਅਨ ਵੱਲੋਂ ਅੰਮ੍ਰਿਤਸਰ ਬੱਸ ਅੱਡੇ 'ਤੇ ਰੋਕ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਪਿੰਡਾਂ ਵਾਲਿਆਂ ਵੱਲੋਂ ਮਿੰਨੀ ਬੱਸਾਂ ਵੀ ਰੋਕ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰੋਡਵੇਜ਼ ਦੀ ਬੱਸ ਨਹੀਂ ਚੱਲੇਗੀ ਉਨ੍ਹਾਂ ਚਿਰੀਂ ਮਿੰਨੀ ਬੱਸਾਂ ਵੀ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਉਨ੍ਹਾਂ ਨਿੱਜੀ ਬੱਸ ਚਾਲਕਾਂ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਾਇਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਿੱਜੀ ਬੱਸ ਚਾਲਕ ਉਨ੍ਹਾਂ ਨੂੰ ਲੰਬੇ ਸਮੇਂ ਲਈ ਸੜਕਾਂ 'ਤੇ ਖਿਲਾਰੀ ਰੱਖਦੇ ਹਨ ਜਦੋਂ ਤੱਕ ਕੇ ਉਨ੍ਹਾਂ ਦੀਆਂ ਬੱਸਾਂ ਦੀ ਸੀਟਾਂ ਖਚਾ ਖੱਚ ਭਰ ਨਾ ਜਾਣ, ਜਿਸ ਨਾਲ ਉਨ੍ਹਾਂ ਨੂੰ ਯਾਤਰਾ ਕਰਨ ਮੌਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਨ੍ਹਾਂ ਬੱਸਾਂ ਦੇ ਕਿਰਾਏ ਵੀ ਸਰਕਾਰੀ ਬੱਸਾਂ ਨਾਲੋਂ ਵੱਧ ਹੁੰਦੇ ਹਨ। ਇੱਕ ਨਿੱਜੀ ਬੱਸ ਚਾਲਕ ਨਿਰਵੈਰ ਸਿੰਘ ਨੇ ਦੱਸਿਆ ਕਿ ਉਹ 'ਗਿੱਲ ਬੱਸਾਂ' ਦਾ ਕਰਮਚਾਰੀ ਨਹੀਂ ਸਗੋਂ ਬੱਸ ਮਾਲਕ ਹੈ ਲੇਕਿਨ ਕੋਰੋਨਾ ਕਾਲ ਦੌਰਾਨ ਨਿੱਜੀ ਬੱਸ ਚਾਲਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਅਤੇ ਹੁਣ ਪੈਟਰੋਲ ਤੇ ਡੀਜ਼ਲ ਦੇ ਦਾਮ ਅਸਮਾਨੀ ਚੜ੍ਹੇ ਹੋਏ ਨੇ, ਇਸ ਵਿਚਕਾਰ ਜਿਹੜੀਆਂ ਸਰਕਾਰੀ ਬੱਸਾਂ ਚਲਾਉਣ ਨੂੰ ਮਨਜ਼ੂਰੀ ਮਿਲੀ ਹੈ ਉਸ ਨਾਲ ਉਨ੍ਹਾਂ ਨੂੰ ਕੋਈ ਖ਼ਾਸ ਤਕਲੀਫ਼ ਨਹੀਂ ਹੈ ਪਰ ਉਨ੍ਹਾਂ ਬੱਸਾਂ ਨੂੰ ਇੱਕ ਨਿਰਧਾਰਿਤ ਟਾਈਮ ਟੇਬਲ ਦੇ ਹਿਸਾਬ ਨਾਲ ਚਲਾਇਆ ਜਾਵੇ ਤਾਂ ਜੋ ਉਨ੍ਹਾਂ ਦੇ ਧੰਦੇ ਚੌਪਟ ਨਾ ਹੋ ਜਾਣ। ਇਹ ਵੀ ਪੜ੍ਹੋ: ਹਾਈ ਕੋਰਟ 'ਚ ਤਜਿੰਦਰ ਬੱਗਾ ਦੀ ਸੁਣਵਾਈ ਟਲੀ, 15 ਜੁਲਾਈ ਨੂੰ ਹੋਵੇਗੀ ਸੁਣਵਾਈ ਮੌਕੇ 'ਤੇ ਹਾਲਤ ਸਾਂਭਣ ਪਹੁੰਚੇ ਐਸ.ਐਚ.ਓ ਰਾਕੇਸ਼ ਕੁਮਾਰ ਨੇ ਗੱਲ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਫ਼ਿਲਹਾਲ ਲਈ ਦੋਵੇਂ ਧਿਰਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰ ਦਿੱਤਾ ਗਿਆ ਤੇ ਦੱਸ ਦਿੱਤਾ ਗਿਆ ਵੀ ਜਿਵੇਂ ਵੀ ਵਿਭਾਗ ਵੱਲੋਂ ਟਾਈਮ ਟੇਬਲ ਤਿਆਰ ਕੀਤਾ ਜਾਵੇਗਾ ਉਸ ਅਧੀਨ ਹੀ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਚੱਲਣਾ ਪਵੇਗਾ ਤਾਂ ਜੋ ਇਲਾਕੇ ਦੀ ਸ਼ਾਂਤੀ ਭੰਗ ਨਾ ਹੋਵੇ ਅਤੇ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। -PTC News