ਮੁੱਖ ਮੰਤਰੀ ਵੱਲੋਂ ਖੇਤੀ ਦੇ ਆਧੁਨਿਕ ਮਾਡਲ ਬਾਰੇ ਬੋਰਲੌਗ ਇੰਸਟੀਚਿਊਟ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇ ਕੇ ਕਿਸਾਨਾਂ ਦਾ ਭਵਿੱਖ ਬਿਹਤਰ ਬਣਾਉਣ ਲਈ ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਅਤੇ ਕਣਕ ਨਵੇਂ ਜੈਨੇਟਿਕਸ, ਫਸਲੀ ਵੰਨ-ਸੁਵੰਨਤਾ ਅਤੇ ਖੇਤੀ ਨਾਲ ਜੁੜੀਆਂ ਤਕਨੀਕਾਂ ਬਾਰੇ ਸੀ.ਆਈ.ਐਮ.ਐਮ.ਵਾਈ.ਟੀ. ਅਤੇ ਬੋਰਲੌਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ (ਬੀਸਾ) ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਸੀ.ਆਈ.ਐਮ.ਐਮ.ਵਾਈ.ਟੀ. ਅਤੇ ਬੀਸਾ, ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ. ਬ੍ਰਾਮ ਗੋਵਰਟਸ ਦੀ ਅਗਵਾਈ ਵਿੱਚ ਬੀ.ਆਈ.ਐਸ.ਏ. ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਬੀ.ਆਈ.ਐਸ.ਏ. ਦੇ ਖੇਤਾਂ ਵਿੱਚ ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਅਤੇ ਕਣਕ ਦੇ ਨਵੀਂ ਜੈਨੇਟਿਕਸ, ਫਸਲੀ ਪ੍ਰਣਾਲੀਆਂ ਅਤੇ ਹੋਰ ਸਫਲਤਾਪੂਰਵਕ ਤਰੀਕੇ ਲਾਗੂ ਕੀਤੇ ਜਾ ਰਹੇ ਹਨ ਅਤੇ ਇਹ ਸੂਬੇ ਦੇ ਕਿਸਾਨਾਂ ਲਈ ਤਕਦੀਰ ਬਦਲਣ ਵਾਲੇ ਸਾਬਤ ਹੋ ਸਕਦੇ ਹਨ।” ਮੁੱਖ ਮੰਤਰੀ ਨੇ ਪਾਣੀ ਦੇ ਘਟ ਰਹੇ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜੀਆਂ ਜਾਣ ਜਿਸ ਲਈ ਫ਼ਸਲੀ ਵਿਭਿੰਨਤਾ ਦੇ ‘ਬੀਸਾ ਮਾਡਲ’ ਨੂੰ ਸੂਬੇ ਭਰ ਵਿੱਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਇੱਕ ਪਾਸੇ ਸੂਬੇ ਦੇ ਬਹੁਮੁੱਲੇ ਕੁਦਰਤੀ ਸਰੋਤ ਪਾਣੀ ਦੀ ਬੱਚਤ ਹੋਵੇਗੀ ਅਤੇ ਦੂਜੇ ਪਾਸੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਨੂੰ ਖੇਤੀ ਵਿਭਿੰਨਤਾ ਰਾਹੀਂ ਮੁਕੰਮਲ ਰੂਪ ਵਿੱਚ ਬਦਲਣ ਦੀ ਲੋੜ ਹੈ ਅਤੇ ਇਸ ਵਿੱਚ ਬੀ.ਆਈ.ਐਸ.ਏ. ਅਹਿਮ ਭੂਮਿਕਾ ਨਿਭਾ ਸਕਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਾਣੀ ਬਚਾਉਣ ਅਤੇ ਕਿਸਾਨਾਂ ਨੂੰ ਵਧੀਆ ਤੇ ਲਾਹੇਵੰਦ ਭਾਅ ਦੇਣ ਲਈ ਢੁਕਵਾਂ ਮੰਡੀ ਢਾਂਚਾ ਮੁਹੱਈਆ ਕਰਵਾਉਣ ਵਾਲੀ ਪਹੁੰਚ ਵੀ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੋਸ਼ਿਸ਼ਾਂ ਕਿਸਾਨਾਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਸਹਾਈ ਹੋਣਗੀਆਂ ਜੋ ਲਗਾਤਾਰ ਵਧਦੇ ਲਾਗਤ ਖਰਚੇ ਅਤੇ ਘਟਦੀ ਆਮਦਨ ਕਾਰਨ ਹਾਸ਼ੀਏ ਉਤੇ ਪਹੁੰਚ ਚੁੱਕੇ ਹਨ। ਭਗਵੰਤ ਮਾਨ ਨੇ ਬਾਸਮਤੀ ਚੌਲਾਂ ਲਈ ਪਾਣੀ ਦੀ ਬੱਚਤ ਕਰਨ ਵਾਲੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਜੋ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਅਤੇ ਸਥਿਰ ਰੱਖਣ ਵਿੱਚ ਮਦਦ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਮੱਕੀ, ਦਾਲਾਂ, ਤੇਲ ਬੀਜਾਂ, ਸਬਜ਼ੀਆਂ, ਬਾਂਸ, ਪਾਪੂਲਰ, ਅਮਰੂਦ, ਕਿਨੂੰ ਅਤੇ ਹੋਰ ਫਲਾਂ ਰਾਹੀਂ ਖੇਤੀ ਵਿਭਿੰਨਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਲੁਧਿਆਣਾ ਵਿਖੇ ‘ਬੀਸਾ ਫਾਰਮ’ ਮਾਡਲ ਫਾਰਮ ਵਜੋਂ ਉਭਰਿਆ ਹੈ ਜੋ ਕਿ ਕਿਸਾਨ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਮ ਖੋਜਾਂ ਵੱਲ ਸੇਧਿਤ ਕਰਦਾ ਹੈ। ਬੀ.ਆਈ.ਐਸ.ਏ. ਨਾਲ ਸੂਬਾ ਸਰਕਾਰ ਦੀ ਮਜ਼ਬੂਤ ਭਾਈਵਾਲੀ ਦਾ ਪ੍ਰਸਤਾਵ ਰੱਖਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਾਡਲ ਨੂੰ ਸੂਬੇ ਭਰ ਵਿੱਚ ਲਾਗੂ ਕਰਨ ਲਈ ਤਿਆਰ ਹੈ। ਇਸ ਮੌਕੇ ਸੀ.ਆਈ.ਐਮ.ਐਮ.ਵਾਈ.ਟੀ. ਅਤੇ ਬੋਰਲੌਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ, ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ. ਬ੍ਰਾਮ ਗੋਵਰਟਸ, ਸੀ.ਆਈ.ਐਮ.ਐਮ.ਵਾਈ.ਟੀ. ਦੇ ਏਸ਼ੀਆ ਦੇ ਨੁਮਾਇੰਦੇ ਤੇ ਬੀ.ਆਈ.ਐਸ.ਏ. ਦੇ ਐਮ.ਡੀ. ਪ੍ਰੋਫੈਸਰ ਅਰੁਣ ਜੋਸ਼ੀ, ਸੀਨੀਅਰ ਵਿਗਿਆਨੀ ਅਤੇ ਬੀ.ਆਈ.ਐਸ.ਏ. ਦੇ ਲੁਧਿਆਣਾ ਦੇ ਸਟੇਸ਼ਨ ਇੰਚਾਰਜ ਡਾ. ਉੱਤਮ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ। -PTC News