ਐੱਸਸੀ ਸਮਾਜ ਦੀਆਂ ਔਰਤਾਂ ਨਾਲ ਵਿਤਕਰਾ ; ਐੱਸਸੀ ਕਮਿਸ਼ਨ ਵੱਲੋਂ ਰਿਪੋਰਟ ਪੇਸ਼ ਕਰਨ ਦੇ ਹੁਕਮ
ਬਠਿੰਡਾ : ਕੁੱਝ ਦਿਨ ਪਹਿਲਾ ਨੇੜਲੇ ਪਿੰਡ ਮਲੂਕਾ ਵਿਖੇ ਤੀਆਂ ਦੇ ਪ੍ਰੋਗਰਾਮ ਸਮੇਂ ਕੁੱਝ ਜਰਨਲ ਵਰਗ ਦੇ ਲੋਕਾਂ ਵੱਲੋਂ ਐੱਸਸੀ ਸਮਾਜ ਦੀਆ ਔਰਤਾਂ ਨਾਲ ਗਿੱਧਾ ਪਾਉਣ ਤੇ ਲੰਗਰ ਛਕਾਉਣ ਸਮੇਂ ਕੀਤੇ ਗਏ ਕਥਿਤ ਜਾਤੀ ਵਿਤਕਰੇ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਮੈਡਮ ਪੂਨਮ ਕਾਂਗੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਿੰਡ ਦਾ ਦੌਰਾ ਕਰ ਕੇ ਦੋਵੇਂ ਧਿਰਾਂ ਦਾ ਪੱਖ ਸੁਣਿਆ। ਇਸ ਮੌਕੇ ਐੱਸਸੀ ਵਰਗ ਨਾਲ ਸਬੰਧਤ ਸੰਦੀਪ ਕੌਰ, ਕੁਲਦੀਪ ਕੌਰ, ਗੁਰਦੇਵ ਸਿੰਘ, ਐਮਸੀ ਭੀਮਾ ਸਿੰਘ, ਸਾਬਕਾ ਐਮਸੀ ਦਰਸ਼ਪਾਲ ਸਿੰਘ ਆਦਿ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਸਮੂਹ ਪਿੰਡ ਵੱਲੋਂ ਇਕੱਠੇ ਹੋ ਕੇ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਪਰ ਉਸ ਪ੍ਰੋਗਰਾਮ ਵਿੱਚ ਜਰਨਲ ਵਰਗ ਨਾਲ ਸਬੰਧਤ ਰਘਬੀਰ ਸਿੰਘ, ਕੁਲਦੀਪ ਕੌਰ, ਜਗਸੀਰ ਸਿੰਘ ਜੱਗਾ, ਸਵਰਨ ਸਿੰਘ ਤੇ ਲੱਖਾ ਸਿੰਘ ਵੱਲੋਂ ਉਨ੍ਹਾਂ ਨਾਲ ਜਾਤੀ ਵਿਤਕਰਾ ਕਰਦਿਆਂ ਜਿੱਥੇ ਐੱਸਸੀ ਵਰਗ ਲਈ ਗਿੱਧੇ ਦੇ ਪ੍ਰੋਗਰਾਮ ਵਾਸਤੇ ਕਥਿਤ ਵੱਖਰਾ ਟੈਂਟ ਲਗਾਇਆ ਗਿਆ। ਦੂਜੇ ਪਾਸੇ ਲੰਗਰ ਛਕਣ ਵੇਲੇ ਵੀ ਕਥਿਤ ਤੌਰ ਉਤੇ ਉਨ੍ਹਾਂ ਨਾਲ ਜਾਤੀ ਭੇਦਭਾਵ ਕੀਤਾ ਗਿਆ। ਇਥੋਂ ਤੱਕ ਕਿ ਉਕਤ ਵਿਅਕਤੀਆਂ ਵੱਲੋਂ ਕਥਿਤ ਐਸਸੀ ਵਰਗ ਨੂੰ ਜਨਤਕ ਤੌਰ ਉਤੇ ਛੋਟੀ ਜਾਤੀ ਦੇ ਦੱਸ ਕਿ ਲੰਗਰ ਪੰਡਾਲ ਵਿੱਚ ਉਨ੍ਹਾਂ ਦੇ ਹੱਥੋਂ ਥਾਲ ਖੋਹ ਕੇ ਅਪਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਉਕਤ ਪੰਜ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਦੂਜੀ ਧਿਰ ਨਾਲ ਸਬੰਧਤ ਵਿਅਕਤੀਆ ਵੱਲੋਂ ਵੀ ਮੈਡਮ ਪੂਨਮ ਕਾਂਗੜਾ ਕੋਲ ਆਪਣਾ ਪੱਖ ਰੱਖਿਆ ਗਿਆ। ਦੋਵੇਂ ਧਿਰਾਂ ਦਾ ਪੱਖ ਸੁਣਨ ਉਪਰੰਤ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸਸੀ ਵਰਗ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਐੱਸਸੀ ਕਮਿਸ਼ਨ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਐੱਸਸੀ ਵਰਗ ਨਾਲ ਭੇਦਭਾਵ ਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਡੀਐਸਪੀ ਰਾਮਪੁਰਾ ਫੂਲ ਨੂੰ ਆਦੇਸ਼ ਦਿੱਤੇ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਅਤੇ ਮੁਕੱਦਮੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 2 ਸਤੰਬਰ ਨੂੰ ਐੱਸਸੀ ਕਮਿਸ਼ਨ ਪੰਜਾਬ ਦੇ ਦਫ਼ਤਰ ਚੰਡੀਗੜ੍ਹ ਵਿਖੇ ਖੁਦ ਹਾਜ਼ਰ ਹੋ ਕੇ ਰਿਪੋਰਟ ਪੇਸ਼ ਕਰਨ। ਇਹ ਵੀ ਪੜ੍ਹੋ : ਕਾਂਗਰਸੀ ਆਗੂਆਂ ਨੂੰ ਵਿਜੀਲੈਂਸ ਦੇ ਨਾਂ 'ਤੇ ਡਰਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਰਾਜਾ ਵੜਿੰਗ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਸ਼ੋਸ਼ਲ ਮੀਡੀਆ ਉਤੇ ਵਾਇਰਲ ਇੱਕ ਵੀਡੀਓ ਰਾਹੀਂ ਉਨ੍ਹਾਂ ਨੂੰ ਉਕਤ ਮਾਮਲੇ ਦੀ ਜਾਣਕਾਰੀ ਮਿਲੀ। ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ ਸੀ ਜਿਸ ਕਾਰਨ ਜਾਂਚ ਦੌਰਾਨ ਪੰਜ ਵਿਅਕਤੀਆਂ ਵਿਰੁੱਧ ਪੁਲਿਸ ਪ੍ਰਸ਼ਾਸਨ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਜਿਸ ਕਾਰਨ ਅੱਜ ਉਨ੍ਹਾਂ ਵੱਲੋਂ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਦੀ ਗ੍ਰਿਫ਼ਤਾਰ ਕਰਵਾਉਣ ਤੇ ਪੀੜਤਾ ਦਾ ਪੱਖ ਸੁਣਨ ਲਈ ਪਿੰਡ ਦਾ ਦੌਰਾ ਕੀਤਾ ਗਿਆ ਹੈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਐਸਡੀਐਮ ਰਾਮਪੁਰਾ ਫੂਲ ਓਮ ਪ੍ਰਕਾਸ਼, ਡੀਐਸਪੀ ਰਾਮਪੁਰਾ ਆਸ਼ਵੰਤ ਸਿੰਘ, ਤਹਿਸੀਲਦਾਰ ਸੁਖਬੀਰ ਸਿੰਘ, ਨਾਇਬ ਤਹਿਸੀਲਦਾਰ ਮੈਡਮ ਚਰਨਜੀਤ ਕੌਰ, ਤਹਿਸੀਲ ਭਲਾਈ ਅਫ਼ਸਰ ਰਾਮਪੁਰਾ ਫੂਲ ਗਗਨ ਤੋਂ ਇਲਾਵਾ ਵੱਡੀ ਗਿਣਤੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਪਿੰਡ ਵਾਸੀ ਹਾਜ਼ਰ ਸਨ।