ਪਾਕਿਸਤਾਨ 'ਚ ਤਬਾਹੀ: 1200 ਤੋਂ ਵੱਧ ਲੋਕਾਂ ਦੀ ਮੌਤ, 3 ਕਰੋੜ ਲੋਕ ਹੜ੍ਹ ਨਾਲ ਪ੍ਰਭਾਵਿਤ
Pakistan Flood: ਤਿੰਨ ਦਹਾਕਿਆਂ ਵਿੱਚ ਸਭ ਤੋਂ ਵੱਧ ਬਾਰਸ਼ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ। ਸਿੰਧ ਅਤੇ ਬਲੋਚਿਸਤਾਨ ਸੂਬੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਗਿਲਗਿਤ ਬਾਲਟਿਸਤਾਨ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ, ''ਮੈਂ ਇੱਥੇ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਦੇਸ਼ ਭਰ ਵਿੱਚ ਤਬਾਹੀ ਮਚ ਗਈ ਹੈ। ਤੁਸੀਂ ਜਿੱਥੇ ਵੀ ਜਾਓਗੇ, ਤੁਹਾਨੂੰ ਹਰ ਪਾਸੇ ਤਬਾਹੀ ਦਿਖਾਈ ਦੇਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਮੀਂਹ ਆਮ ਨਾਲੋਂ 10 ਗੁਣਾ ਜ਼ਿਆਦਾ ਪਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ 'ਚ ਹੜ੍ਹਾਂ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਭੋਜਨ ਦੀ ਕਮੀ ਦੇ ਨਾਲ-ਨਾਲ ਸਿਹਤ ਸੰਕਟ ਵੀ ਪੈਦਾ ਹੋ ਗਿਆ ਹੈ। ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਹੜ੍ਹ ਤੋਂ ਪਹਿਲਾਂ ਪਾਕਿਸਤਾਨ ਵਿੱਚ 27 ਮਿਲੀਅਨ ਲੋਕਾਂ ਕੋਲ ਪੂਰਾ ਭੋਜਨ ਨਹੀਂ ਸੀ, ਜਦੋਂ ਕਿ ਹੁਣ ਹੜ੍ਹ ਤੋਂ ਬਾਅਦ ਇਹ ਖ਼ਤਰਾ ਵੱਧ ਗਿਆ ਹੈ।
ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ
ਪਾਕਿਸਤਾਨ ਵਿੱਚ ਹੜ੍ਹ ਕਾਰਨ ਹੁਣ ਤੱਕ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 400 ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਹੜ੍ਹ ਨਾਲ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ 11 ਲੱਖ ਤੋਂ ਵੱਧ ਘਰ ਨੁਕਸਾਨੇ ਗਏ ਹਨ ਅਤੇ ਪੂਰੇ ਪਾਕਿਸਤਾਨ ਵਿਚ 18,000 ਸਕੂਲ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਹੜ੍ਹ ਕਾਰਨ 160 ਤੋਂ ਵੱਧ ਪੁਲ ਟੁੱਟ ਗਏ ਹਨ। 5 ਹਜ਼ਾਰ ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ ਹਨ, 35 ਲੱਖ ਏਕੜ ਫਸਲ ਤਬਾਹ ਹੋ ਗਈ ਹੈ, ਜਦਕਿ 8 ਲੱਖ ਤੋਂ ਵੱਧ ਪਸ਼ੂਆਂ ਦੀ ਜਾਨ ਜਾ ਚੁੱਕੀ ਹੈ। ਇਹੀ ਨਹੀਂ, ਹੁਣ ਪਾਕਿਸਤਾਨ 'ਚ ਵੀ ਲੋਕ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ। ਹੜ੍ਹਾਂ ਕਾਰਨ ਡਾਇਰੀਆ, ਹੈਜ਼ਾ, ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ।
-PTC News