ਇਲੈਕਟ੍ਰਿਕ ਸਕੂਟਰ ਬਣੇ ਆਫ਼ਤ, ਬੈਟਰੀ 'ਚ ਬਲਾਸਟ ਹੋਣ ਦੀਆਂ ਘਟਨਾਵਾਂ 'ਚ ਵਾਧਾ
ਨਵੀਂ ਦਿੱਲੀ: ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਗਾਹਕਾਂ ਦੇ ਮਨਾਂ ਵਿੱਚ ਚਿੰਤਾ ਪੈਦਾ ਕਰ ਰਹੀਆਂ ਹਨ। ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਨੇ ਇਲੈਕਟ੍ਰਿਕ ਵਾਹਨਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਘਟਨਾ ਦੋ ਦਿਨ ਪਹਿਲਾਂ ਤੇਲੰਗਾਨਾ ਦੇ ਨਿਜ਼ਾਮਾਬਾਦ 'ਚ ਇੱਕ ਘਰ 'ਚ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਵਿਸਫੋਟ ਹੋਣ ਤੇ ਅੱਗ ਲੱਗਣ ਨਾਲ 80 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਦੋ ਲੋਕ ਜ਼ਖ਼ਮੀ ਹੋਏ ਸੀ। ਇਸ ਤੋਂ ਬਾਅਦ Pure EV ਕੰਪਨੀਆਂ ਨੇ ਆਪਣੀਆਂ 2000 ਗੱਡੀਆਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹੁਣ ਐਤਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸ਼ਹਿਰ 'ਚ ਇਕ ਘਰ 'ਚ ਇਲੈਕਟ੍ਰਿਕ ਮੋਪੇਡ ਦੀ ਬੈਟਰੀ ਫਟ ਗਈ, ਜਿਸ 'ਚ ਸ਼ਿਵ ਕੁਮਾਰ (40) ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦਕਿ ਦੋਵੇਂ ਬੱਚੇ ਬੁਰੀ ਤਰ੍ਹਾਂ ਜ਼ਖਮੀ ਹਨ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਪੰਜਾਬ AG ਦੀ ਟੀਮ ‘ਚ ਕੱਢੀਆਂ ਪੋਸਟਾਂ, ਜਾਣੋ ਕਿਵੇਂ ਕਰੀਏ ਅਪਲਾਈ ਪੁਲਸ ਮੁਤਾਬਕ ਸ਼ਿਵ ਕੁਮਾਰ ਨੇ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਹੀ ਬੂਮ ਮੋਟਰਸ ਦੀ ਕਾਰਬੇਟ 14 ਇਲੈਕਟ੍ਰਿਕ ਗੱਡੀ ਖਰੀਦੀ ਸੀ ਅਤੇ ਉਸੇ ਰਾਤ ਹੀ ਹਾਦਸਾ ਵਾਪਰ ਗਿਆ। ਸ਼ੁੱਕਰਵਾਰ ਰਾਤ ਕਰੀਬ 10 ਵਜੇ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਚਾਰਜਿੰਗ 'ਤੇ ਲੱਗੀ ਹੋਈ ਸੀ। ਸ਼ਨੀਵਾਰ ਤੜਕੇ ਕਰੀਬ 3.30 ਵਜੇ ਧਮਾਕੇ ਨਾਲ ਅੱਗ ਲੱਗ ਗਈ ਅਤੇ ਪੂਰੇ ਘਰ ਵਿੱਚ ਫੈਲ ਗਈ। ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਦੋਵੇਂ ਬੱਚੇ ਸੜ ਕੇ ਜ਼ਖਮੀ ਹੋ ਗਏ ਹਨ। ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਸ਼ਿਵਕੁਮਾਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTC News