ਜੇਲ੍ਹ ‘ਚ ਬੰਦ ਗਾਇਕ ਦਲੇਰ ਮਹਿੰਦੀ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਦਾਖ਼ਲ
ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਅਚਾਨਕ ਸਿਹਤ ਵਿਗੜਣ ਦੀ ਖ਼ਬਰ ਮਿਲੀ ਹੈ। ਸਿਹਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੂਤਰਾਂ ਅਨੁਸਾਰ ਦਲੇਰ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਤੋਂ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਚ ਭੇਜਿਆ ਗਿਆ ਹੈ। ਦਲੇਰ ਮਹਿੰਦੀ 20 ਜੁਲਾਈ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਨੇ ਜੇਲ੍ਹ ਡਾਕਟਰ ਕੋਲ ਅੱਖਾਂ ’ਚ ਧੁੰਦਲੇਪਣ ਦੀ ਸ਼ਿਕਾਇਤ ਕੀਤੀ ਸੀ ਜਿਸ ਮਗਰੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ। ਬੋਰਡ ਦੀ ਸਿਫਾਰਸ਼ ਦੇ ਚੱਲਦਿਆਂ ਦਲੇਰ ਮਹਿੰਦੀ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਦੱਸ ਦੇਈਏ ਕਿ ਦਲੇਰ ਮਹਿੰਦੀ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕਬੂਤਰਬਾਜ਼ੀ ਦੇ ਮਾਮਲੇ ਵਿੱਚ 2 ਮਾਮਲੇ ਦੀ ਸਜ਼ਾ ਕੱਟ ਰਹੇ ਹਨ। ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਨੂੰ 19 ਸਾਲ ਪੁਰਾਣੇ ਮਾਮਲੇ ਵਿੱਚ ਮਾਣਯੋਗ ਅਡੀਸ਼ਨਲ ਸੈਸ਼ਨਲ ਜੱਜ ਐੱਚ.ਐੱਚ. ਗਰੇਵਾਲ ਦੀ ਅਦਾਲਤ ਨੇ ਹੇਠਲੀ ਅਦਾਲਤ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰਖਣ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਸੀ, ਇਥੇ ਉਹ ਇਸ ਵੇਲੇ ਨਵਜੋਤ ਸਿੰਘ ਸਿੱਧੂ ਨਾਲ ਬੰਦ ਹਨ। ਦਲੇਰ ਮਹਿੰਦੀ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਜ਼ਾ ਖਿਲਾਫ ਅਪੀਲ ਅਤੇ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਹੈ ਅਤੇ ਉਸ ‘ਤੇ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ। (ਗਗਨ ਆਹੂਜਾ ਦੀ ਰਿਪੋਰਟ ) -PTC News