ਕੋਰੋਨਾ ਮਗਰੋਂ ਪੰਜਾਬ ਵਿੱਚ ਡੇਂਗੂ ਦਾ ਕਹਿਰ, ਤੋੜੇ ਪਿਛਲੇ ਸਾਰੇ ਰਿਕਾਰਡ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਤੋਂ ਬਾਅਦ ਹੁਣ ਡੇਂਗੂ ਨੇ ਹਾਹਾਕਾਰ ਮਚਾ ਦਿੱਤੀ ਹੈ। ਇਸ ਸਾਲ ਡੇਂਗੂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਿਕ ਇਸ ਵੇਲੇ ਪੰਜਾਬ ਭਰ ਵਿੱਚ 20 ਹਜ਼ਾਰ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ ਤੇ 70 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਸ ਸਾਲ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਦੇ ਤਿੰਨ ਹਜ਼ਾਰ ਕੇਸ ਮਿਲੇ ਹਨ ਤੇ 36 ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਨੰਬਰ ’ਤੇ ਬਠਿੰਡਾ ਹੈ, ਜਿਥੇ 2,200 ਕੇਸ ਸਾਹਮਣੇ ਆਏ ਤੇ ਪੰਜ ਵਿਅਕਤੀਆਂ ਨੇ ਦਮ ਤੋੜ ਦਿੱਤਾ। ਉਧਰ, ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਪੱਬਾਂ ਭਾਰ ਹੈ। ਅਧਿਕਾਰੀਆਂ ਅਨੁਸਾਰ ਹੁਣ ਤੱਕ ਪੰਜਾਬ ਵਿਚ 16.50 ਲੱਖ ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮੱਛਰ ਦੇ ਕੱਟਣ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਅੱਜਕੱਲ੍ਹ ਕੋਇਲ ਤੇ ਹੋਰ ਮੱਛਰ ਭਜਾਉਣ ਵਾਲੇ ਤਰਲ ਰੀਫਿਲ ਵੀ ਮੱਛਰਾਂ 'ਤੇ ਕੰਮ ਨਹੀਂ ਕਰਦੇ। ਇਨ੍ਹਾਂ ਤਰੀਕਿਆਂ ਨਾਲ ਕੁਝ ਸਮੇਂ ਲਈ ਹੀ ਰਾਹਤ ਮਿਲਦੀ ਹੈ, ਜਿਵੇਂ ਹੀ ਇਨ੍ਹਾਂ ਦਾ ਅਸਰ ਘੱਟ ਹੁੰਦਾ ਹੈ ਤਾਂ ਮੱਛਰ ਕੱਟਣਾ ਸ਼ੁਰੂ ਕਰ ਦਿੰਦੇ ਹਨ। ਕੀ ਹੈ ਡੇਂਗੂ ਬੁਖਾਰ ਡੇਂਗੂ ਇੱਕ ਮੱਛਰ ਵੱਲੋਂ ਫੈਲਣ ਵਾਲਾ ਵਾਇਰਲ ਇਨਫੈਕਸ਼ਨ ਹੈ ਜੋ ਪੂਰੀ ਦੁਨੀਆ ਵਿੱਚ ਟ੍ਰੋਪੀਕਲ ਅਤੇ ਸਬ-ਟ੍ਰੋਪੀਕਲ ਮੌਸਮ ਵਿੱਚ ਪਾਇਆ ਜਾ ਸਕਦਾ ਹੈ। ਡੇਂਗੂ ਬੁਖਾਰ ਫਲੇਵੀਵਿਰੀਡੇ ਪਰਿਵਾਰ ਦੇ ਵਾਇਰਸ ਜਾਂ ਡੇਂਗੂ ਵਾਇਰਸ ਕਾਰਨ ਹੁੰਦਾ ਹੈ। -PTC News