ਆਜ਼ਾਦੀ ਦਿਹਾੜੇ ਮੌਕੇ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਮੁਜ਼ਾਹਰਾ
ਲੁਧਿਆਣਾ: ਆਜ਼ਾਦੀ ਦਿਹਾੜੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਆਵਾਮ ਨੂੰ ਸੰਬੋਧਨ ਕੀਤਾ। ਉਧਰ ਦੂਜੇ ਪਾਸੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਸਟੇਡੀਅਮ ਤੋਂ ਥੋੜ੍ਹੀ ਦੂਰ 1158 ਅਸਿਸਟੈਂਟ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫਰੰਟ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਈ ਕੋਰਟ ਨੇ 1158 ਅਸਿਸਟੈਂਟ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਰੱਦ ਕੀਤੀ ਗਈ ਸੀ ਜਿਸ ਤੋਂ ਬਾਅਦ ਉਮੀਦਵਾਰਾਂ ਵਿੱਚ ਭਾਰੀ ਰੋਸ ਪਾਇਆ ਗਿਆ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਇਸ ਮੌਕੇ ਪ੍ਰਦਰਸ਼ਨਕਾਰੀ ਮਹਿਲਾ ਦਾ ਕਹਿਣਾ ਹੈ ਕਿ ਮੈਂ 25 ਸਾਲ ਪੜ੍ਹ ਕੇ ਇੱਥੇ ਆਈ ਹਾਂ ਅਤੇ ਪੋਸਟ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਆਪਣਾ ਹੱਕ ਲੈਣ ਲਈ ਆਈ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਕੋਈ ਕਸੂਰ ਨਹੀਂ ਹੈ ਅਤੇ ਭਰਤੀ ਨੂੰ ਬਹਾਲ ਕਰਨਾ ਚਾਹੀਦਾ ਹੈ। ਪ੍ਰਦਰਸ਼ਨਕਾਰੀ ਡਾ.ਹਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਾਰਿਆ ਨੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਨੌਕਰੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਸ ਦੀ ਚੋਣ ਵੀ ਹੋ ਗਈ ਸੀ ਤੇ ਜੁਆਇੰਨ ਵੀ ਕਰ ਲਿਆ ਸੀ ਪਰ ਹਾਈ ਕੋਰਟ ਨੇ 7 ਮਹੀਨੇ ਬਾਅਦ ਭਰਤੀ ਰੱਦ ਕਰ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਨੂੰ ਬਹਾਲ ਕੀਤਾ ਜਾਵੇ। ਇਹ ਵੀ ਪੜ੍ਹੋ: ਵਿਧਾਇਕ ਅਮੋਲਕ ਸਿੰਘ ਦੀ ਝੰਡੇ ਦੀ ਰਸਮ ਮੌਕੇ ਨਹੀਂ ਖੁੱਲ੍ਹਿਆ ਤਿਰੰਗਾ, ਜੱਦੋ-ਜਹਿਦ ਕਰਦੇ ਆਏ ਨਜ਼ਰ -PTC News