ਦਿੱਲੀ 'ਸ਼ਰਾਬ ਨੀਤੀ' ਮਾਮਲਾ : ED ਵੱਲੋਂ ਪੰਜਾਬ, ਦਿੱਲੀ ਤੇ ਹੈਦਰਾਬਾਦ 'ਚ 35 ਟਿਕਾਣਿਆਂ 'ਤੇ ਛਾਪੇਮਾਰੀ
ਨਵੀਂ ਦਿੱਲੀ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ 'ਸ਼ਰਾਬ ਨੀਤੀ' ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ। ਈਡੀ ਛਾਪੇ ਦਿੱਲੀ, ਪੰਜਾਬ ਅਤੇ ਹੈਦਰਾਬਾਦ ਸਮੇਤ ਦੇਸ਼ ਭਰ 'ਚ ਕੁੱਲ 35 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਈਡੀ ਨੇ ਮਾਮਲੇ 'ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਈਡੀ ਨੇ ਛਾਪੇਮਾਰੀ ਕਰਕੇ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਰਾਜਾਂ 'ਚ ਸ਼ਰਾਬ ਦੇ ਡੀਲਰਾਂ, ਡਿਸਟ੍ਰੀਬਿਊਟਰਾਂ ਤੇ ਸਪਲਾਈ ਚੇਨ ਨੈਟਵਰਕ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਦੀ ਕਾਰਵਾਈ ਤੜਕਸਾਰ ਸ਼ੁਰੂ ਹੋਈ, ਜਦੋਂ ਏਜੰਸੀ ਦੀਆਂ ਟੀਮਾਂ ਨੂੰ ਛਾਪੇਮਾਰੀ ਵਾਲੇ ਸਥਾਨਾਂ ਲਈ ਹੈੱਡਕੁਆਰਟਰ ਤੋਂ ਰਵਾਨਾ ਹੁੰਦੇ ਦੇਖਿਆ ਗਿਆ। ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ (ਆਪ) ਦੇ ਸੰਚਾਰ ਇੰਚਾਰਜ ਅਤੇ ਕਾਰੋਬਾਰੀ ਵਿਜੇ ਨਾਇਰ ਨੂੰ ਕੱਲ੍ਹ (ਵੀਰਵਾਰ) ਦਿੱਲੀ ਦੀ ਇੱਕ ਅਦਾਲਤ ਨੇ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਨਾਇਰ ਨੂੰ ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੁਲਜ਼ਮ ਹਨ। ਇਸਤਗਾਸਾ ਮੁਤਾਬਕ ਨਾਇਰ ਨੇ ਹੋਰ ਲੋਕਾਂ ਦੇ ਨਾਲ ਮਿਲ ਕੇ ਇਕ ਅਪਰਾਧਿਕ ਸਾਜ਼ਿਸ਼ ਰਚੀ। ਇਸ ਦੇ ਇਕ ਹਿੱਸੇ ਤਹਿਤ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ 2021-2022 ਤਿਆਰ ਕਰ ਕੇ ਇਸ ਉਤੇ ਅਮਲ ਕੀਤਾ ਗਿਆ ਹੈ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਚੂਨਾ ਲੱਗਾ। ਇਹ ਵੀ ਪੜ੍ਹੋ : ਅਦਾਕਾਰ ਅਰੁਣ ਬਾਲੀ ਦਾ 79 ਸਾਲ ਦੀ ਉਮਰ 'ਚ ਦੇਹਾਂਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਪ ਮੁੱਖ ਮੰਤਰੀ ਮਨੀਸ਼ ਸਮੇਤ ਦੋਸ਼ੀ ਜਨਤਕ ਸੇਵਕਾਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਦਾ ਇਰਾਦਾ ਸ਼ਰਾਬ ਦੇ ਲਾਇਸੈਂਸਧਾਰਕਾਂ ਨੂੰ ਨਾਜਾਇਜ਼ ਫਾਇਦਾ ਪਹੁੰਚਾਉਣਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ 17 ਨਵੰਬਰ, 2021 ਨੂੰ ਲਾਗੂ ਕੀਤੀ ਆਪਣੀ ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈਂਦਿਆਂ 1 ਸਤੰਬਰ, 2022 ਤੋਂ ਪੁਰਾਣੀ ਆਬਕਾਰੀ ਪ੍ਰਣਾਲੀ ਨੂੰ ਬਹਾਲ ਕਰ ਦਿੱਤਾ ਸੀ। -PTC News