ਭਾਰਤ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨਾਲ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੀਤੀ ਮੁਲਾਕਾਤ
ਅੰਮ੍ਰਿਤਸਰ, 13 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਡੈਲੀਗੇਸ਼ਨ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਪ੍ਰਸਤ ਹਰਵਿੰਦਰ ਸਿੰਘ ਸਰਨਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਮੈਬਰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ, ਅੰਤ੍ਰਿੰਗ ਮੈਂਬਰ ਗੁਰਮੀਤ ਸਿੰਘ ਬੂਹ, ਸਕੱਤਰ ਪਰਮਜੀਤ ਸਿੰਘ ਸਰੋਆ, ਰਜਿੰਦਰ ਸਿੰਘ ਰੂਬੀ ਇੰਚਾਰਜ ਯਾਤਰਾ, ਪ੍ਰਭਜੀਤ ਸਿੰਘ ਦਾ ਇਕ ਸਾਂਝਾ ਡੈਲੀਗੇਟ ਪਾਕਿਸਤਾਨ ਦੇ ਰਾਜਦੂਤ ਆਫ਼ਤਾਬ ਹਸਨ ਖਾਨ ਨੂੰ ਮਿਲਿਆ। ਵਫ਼ਦ ਵੱਲੋਂ ਪਾਕਿਸਤਾਨ ਵਿਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਉੱਤੇ ਅਫ਼ਸੋਸ ਪ੍ਰਗਟ ਕੀਤਾ ਜੋ ਲੋਕ ਹੜ੍ਹ 'ਚ ਮਾਰੇ ਗਏ ਉਨ੍ਹਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਵਫ਼ਦ ਦੀ ਅਗਵਾਈ ਕਰਦਿਆਂ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਰਾਜਦੂਤ ਆਫ਼ਤਾਬ ਹਸਨ ਖਾਨ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹਾਂ ਕਾਰਨ ਹੋਈ ਤਬਾਹੀ ਵਿਚ ਲੋਕਾਂ ਦੀ ਮਦਦ ਕਰਨ ਦਾ ਆਪਣੇ ਵਸੀਲਿਆਂ ਅਨੁਸਾਰ ਪੂਰਾ ਯਤਨ ਕਰੇਗੀ। ਵਫ਼ਦ ਦੇ ਵਿਸ਼ੇਸ਼ ਮਕਸਦ ਨੂੰ ਦੱਸਦਿਆਂ ਪੰਜੋਲੀ ਨੇ ਦੱਸਿਆ ਕਿ 30 ਅਕਤੂਬਰ 2022 ਨੂੰ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਸਰਕਾਰ ਤੋਂ ਦਿੱਲੀ ਦੇ ਸਿੱਖ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਲਈ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਮੰਗ ਕੀਤੀ ਹੈ। ਵਫ਼ਦ ਨੇ ਪਾਕਿਸਤਾਨ ਦੇ ਅੰਬੈਸਡਰ ਨੂੰ ਇਹ ਵੀ ਕਿਹਾ ਕਿ ਇਸ ਸਬੰਧੀ ਇਕ ਅਡਵਾਂਸ ਪਾਰਟੀ ਪ੍ਰਬੰਧ ਕਰਨ ਲਈ ਜਾਵੇਗੀ, ਉਨ੍ਹਾਂ ਲਈ ਅਡਵਾਂਸ ਵੀਜ਼ੇ ਜਾਰੀ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਲਾਕਾਤ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ ਹੈ, ਅੰਬੈਸਡਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਜਲਦੀ ਹੀ ਆਪਣੀ ਸਰਕਾਰ ਨਾਲ ਗੱਲਬਾਤ ਕਰਕੇ ਵੀਜ਼ੇ ਦੇਣ ਦਾ ਪ੍ਰਬੰਧ ਕਰਾਂਗਾ। ਬਾਅਦ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਦੋਵੇਂ ਸਰਕਾਰਾਂ ਦੇ ਧੰਨਵਾਦੀ ਹਾਂ ਜਿਹੜੇ ਸਮੇਂ ਸਮੇਂ ਤੇ ਸਿੱਖ ਸ਼ਰਧਾਲੂਆਂ ਨੂੰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਸ਼ਹੀਦੀ ਦਿਹਾੜਿਆਂ ਜਾਂ ਹੋਰ ਵਿਸ਼ੇਸ਼ ਸਮਾਗਮਾਂ ਤੇ ਜਾਣ ਲਈ ਵੀਜ਼ੇ ਜਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਚਾਹੁੰਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਕਾਰਾਂ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਪੂਰੀ ਤਰ੍ਹਾਂ ਖੁੱਲ੍ਹ ਦੇਣ ਦਾ ਪ੍ਰਬੰਦ ਕਰਨ, ਜਦੋਂ ਵੀ ਸਿੱਖ ਚਾਹੇ ਜਾਂ ਹਿੰਦੂ ਭਰਾ ਚਾਹੁਣ ਜਾ ਫਿਰ ਮੁਸਲਮਾਨ ਵੀਰ ਚਾਹੁਣ ਉਹਨਾਂ ਨੂੰ 1947 ਦੀ ਵੰਡ ਵੇਲੇ ਦੋਹਾਂ ਦੇਸ਼ਾਂ ਵਿਚ ਸਾਰੀਆਂ ਕੌਮਾਂ ਦੇ ਰਹਿ ਗਏ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਦੋਹਾਂ ਸਰਕਾਰਾਂ ਨੂੰ ਖੁੱਲ੍ਹੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਸਮਾਣਾ ਇੰਚਾਰਜ ਸੂਚਨਾ ਕੇਂਦਰ ਗੁਰਦੁਆਰਾ ਫਤਿਹਗੜ੍ਹ ਸਾਹਿਬ, ਸੁਰਿੰਦਰ ਪਾਲ ਸਿੰਘ ਇੰਚਾਰਜ ਦਿੱਲੀ ਸਿੱਖ ਮਿਸ਼ਨ, ਸਰਬਜੀਤ ਸਿੰਘ ਬਿੱਲਾ, ਦਵਿੰਦਰ ਸਿੰਘ, ਜਸਬੀਰ ਸਿੰਘ, ਰਾਮ ਸਿੰਘ ਪਟਿਆਲਾ ਆਦਿ ਹਾਜ਼ਰ ਸਨ। -PTC News