ਪੋਸਟਮਾਰਟਮ ਤੋਂ ਬਾਅਦ ਦੀਪ ਸਿੱਧੂ ਦੀ ਦੇਹ ਪਰਿਵਾਰ ਨੂੰ ਸੌਂਪੀ, ਲੁਧਿਆਣਾ ਹੋਵੇਗਾ ਅੰਤਿਮ ਸੰਸਕਾਰ
ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਬੀਤੀ ਰਾਤ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇਹ ਨੂੰ ਖਰਖੋਦਾ ਹਸਪਤਾਲ ਤੋਂ ਸੋਨੀਪਤ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਸਿਵਲ ਹਸਪਤਾਲ ਵਿੱਚ ਹੀ ਦੀਪ ਸਿੱਧੂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ ਹੈ। ਤਿੰਨ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦੀਪ ਸਿੱਧੂ ਦਾ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਸੌਂਪ ਦਿੱਤੀ ਗਈ ਹੈ ਅਤੇ ਪਰਿਵਾਰ ਲੁਧਿਆਣਾ ਲਈ ਐਬੂਲੈਂਸ ਰਹੀ ਰਵਾਨਾ ਹੋ ਚੁੱਕੇ ਹਨ। ਲੁਧਿਆਣਾ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਨੇ ਦੀਪ ਸਿੱਧੂ ਦੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਧਾਰਾ 174 ਤਹਿਤ ਕਾਰਵਾਈ ਕੀਤੀ ਜਾਵੇਗੀ।ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੋਨੀਪਤ ਦੇ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਵੱਲੋਂ ਫੋਰਸ ਤਾਇਨਾਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ (Deep Sidhu passes Away) ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਹੇ ਸਨ।ਇਸ ਦੌਰਾਨ ਉਨ੍ਹਾਂ ਦੀ ਸਕੋਰਪੀਓ ਕਾਰ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।ਜਾਣਕਾਰੀ ਮੁਤਾਬਿਕ ਦੀਪ ਸਿੱਧੂ ਦੀ ਕਾਰ ਇੱਕ ਟਰਾਲੇ ਨਾਲ ਟੱਕਰਾਅ ਗਈ।ਸੋਨੀਪਤ ਪੁਲਿਸ ਨੇ ਦੀਪ ਸਿੱਧੂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਦੀਪ ਸਿੱਧੂ ਆਪਣੀ ਮਹਿਲਾ ਮਿੱਤਰ ਨਾਲ ਸਫਰ ਕਰ ਰਹੇ ਸੀ।ਜਿਸਨੂੰ ਸੱਟਾਂ ਵੱਜੀਆਂ ਹਨ ਅਤੇ ਉਹ ਜੇਰੇ ਇਲਾਜ ਹੈ। ਇਸ ਦੁਖਦ ਘਟਨਾ ਮਗਰੋਂ ਮੁੱਖ ਮੰਤਰੀ ਚੰਨੀ ਸਮੇਤ ਕਈ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮੁੱਖ ਮੰਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲਿਖਿਆ, "ਪ੍ਰਸਿੱਧ ਅਭਿਨੇਤਾ ਅਤੇ ਸਮਾਜਿਕ ਐਕਟੀਵਿਸਟ ਦੀਪ ਸਿੱਧੂ ਦੇ ਮੰਦਭਾਗੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ।" ਪੰਜਾਬੀ ਫਿਲਮਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਸ੍ਰੀ ਮੁਕਤਸਰ ਦੇ ਪਿੰਡ ਉਦੇਕਰਨ ਹੈ। ਉਸ ਨੇ ਆਪਣਾ ਬਚਪਨ ਇਸ ਪਿੰਡ ਵਿਚ ਹੀ ਬਤੀਤ ਕੀਤਾ ਹੈ ਅਤੇ ਸ੍ਰੀ ਮੁਕਤਸਰ ਦੀ ਸਰਕਾਰੀ ਸਕੂਲ ਤੋਂ ਆਪਣੀ ਪਡ਼੍ਹਾਈ ਕੀਤੀ ਸੀ। ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਜਾਣਕਾਰੀ ਅਨੁਸਾਰ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਪ੍ਰੈਲ 1984 ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਤੋਂ ਕੀਤੀ ਸੀ। ਮੁੱਢਲੀ ਪੜ੍ਹਾਈ ਤੋਂ ਬਾਅਦ ਉਸ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਸੀ। ਉਹ ਕਿੰਗਰਫਿਸ਼ਰ ਮਾਡਲ ਹੰਟ ਜੇਤੂ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਖਿਤਾਬ ਵੀ ਜਿੱਤਿਆ ਸੀ। ਇਸ ਤੋਂ ਇਲਾਵਾ ਦੀਪ ਸਿੱਧੂ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ 2015 ਵਿੱਚ ਰਿਲੀਜ਼ ਹੋਈ। ਦੀਪ ਸਿੱਧੂ ਨੇ ਜੋਰਾ ਬਾਈ ਨੰਬਰੀਆ ਫਿਲਮ 'ਚ ਗੈਂਗਸਟਰ ਦੀ ਭੂਮਿਕਾ ਕੇ ਮਕਬੂਲੀਅਤ ਹਾਸਲ ਕੀਤੀ ਸੀ। ਅਪਡੇਟ ਜਾਰੀ ਹੈ....