ਪੰਜਾਬ, ਹਰਿਆਣਾ ਤੇ NCR ਦੇ 8 ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਆਈ ਕਮੀ
ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸਥਿਤ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੱਠ ਜ਼ਿਲ੍ਹਿਆਂ ਵਿੱਚ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਆਈ ਹੈ। ਦੱਸ ਦੇਈਏ ਕਿ ਇਸ ਮਹੀਨੇ ਪਰਾਲੀ ਸਾੜਨ ਦੀਆਂ ਕੁੱਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4,854 ਘੱਟ ਹਨ। ਇਸ ਬਾਰੇ ਕੇਂਦਰ ਦੇ ਹਵਾ ਗੁਣਵੱਤਾ ਕਮਿਸ਼ਨ ਨੇ ਜਾਣਕਾਰੀ ਦਿੱਤੀ। ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਉਸ ਨਾਲ ਜੁੜੇ ਇਲਾਕਿਆਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਖੋਜ ਸੰਗਠਨ (ISRO) ਦੁਆਰਾ ਬਣਾਏ ਪ੍ਰੋਟੋਕਾਲ 'ਤੇ ਆਧਾਰਿਤ ਇੱਕ ਰਿਪੋਰਟ ਅਨੁਸਾਰ, ਝੋਨੇ ਦੇ ਰਹਿੰਦ ਖੂਹੰਦ ਸਾੜਨ ਦੀਆਂ ਘਟਨਾਵਾਂ ਇੱਕ ਮਹੀਨੇ ਦੌਰਾਨ ਪੰਜਾਬ ਵਿੱਚ 64.49 ਫ਼ੀ ਸਦੀ, ਹਰਿਆਣਾ ਵਿੱਚ 18.28 ਫ਼ੀ ਸਦੀ ਅਤੇ ਉੱਤਰ ਪ੍ਰਦੇਸ਼ ਦੇ ਅੱਠ NCR ਜ਼ਿਲ੍ਹਿਆਂ ਵਿੱਚ 47.61 ਫ਼ੀ ਸਦੀ ਘੱਟ ਹੋਈਆਂ ਹਨ ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੌਰਾਨ ਇਹ ਮਾਮਲੇ ਜ਼ਿਆਦਾ ਸਨ। ਜਿਕਰਯੋਗ ਹੈ ਕਿ 14 ਅਕਤੂਬਰ ਤੱਕ ਇੱਕ ਮਹੀਨੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ ਕਿ 2020 ਵਿੱਚ ਇਸੇ ਸਮੇਂ ਦੌਰਾਨ ਹੋਈਆਂ 4,854 ਘਟਨਾਵਾਂ ਤੋਂ ਘੱਟ ਹਨ। ਐਨਫੋਰਸਮੈਂਟ ਏਜੰਸੀਆਂ ਨੇ ਹੁਣ ਤੱਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐਨਸੀਆਰ ਜ਼ਿਲ੍ਹਿਆਂ ਵਿੱਚ 663 ਘਟਨਾਵਾਂ ਦੀ ਜਾਂਚ ਕੀਤੀ ਹੈ। -PTC News