ਸਰਕਾਰ ਦੀ ਕਿਰਕਿਰੀ ਮਗਰੋਂ ਜ਼ਿਲ੍ਹਾ ਵਾਰ ਜਨਤਾ ਦਰਬਾਰ ਲਾਉਣ ਦਾ ਫ਼ੈਸਲਾ
ਚੰਡੀਗੜ੍ਹ : ਜਨਤਾ ਦਰਬਾਰ ਵਿੱਚ ਲੋਕਾਂ ਦੀ ਨਾਰਾਜ਼ਗੀ ਮਗਰੋਂ ਆਮ ਆਦਮੀ ਪਾਰਟੀ ਸਰਕਾਰ ਨੇ ਜ਼ਿਲ੍ਹਾ ਵਾਰ ਜਨਤਾ ਦਰਬਾਰ ਲਗਾਉਣ ਦਾ ਫ਼ੈਸਲਾ ਲਿਆ ਹੈ। ਸੋਮਵਾਰ ਨੂੰ ਜਨਤਾ ਦਰਬਾਰ ਵਿੱਚ ਸਰਕਾਰ ਦੀ ਕਾਫੀ ਕਿਰਕਿਰੀ ਹੋਈ ਸੀ। ਸੋਸ਼ਲ ਮੀਡੀਆ ਉਤੇ ਹੋਈ ਕਿਰਕਿਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਰਾਜ਼ ਨਜ਼ਰ ਆਏ। ਜਨਤਾ ਦਰਬਾਰ ਵਿੱਚ ਪਹੁੰਚੇ ਆਮ ਲੋਕਾਂ ਵੱਲੋਂ ਲਗਾਏ ਪੱਖਪਾਤ ਦੇ ਇਲਜ਼ਾਮ ਕਾਰਨ ਸਰਕਾਰ ਘਬਰਾ ਗਈ ਹੈ। ਪਹਿਲੇ ਜਨਤਾ ਦਰਬਾਰ ਦਾ ਫੀਡਬੈਕ ਬੇਹੱਦ ਮਾੜਾ ਰਹਿਣ ਉਤੇ ਜ਼ਿਲ੍ਹਾ ਵਾਰ ਜਨਤਾ ਦਰਬਾਰ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਹੁਣ ਖੁੱਲ੍ਹੇ ਜਨਤਾ ਦਰਬਾਰ ਦਾ ਰਸਤਾ ਅਪਣਾਏਗੀ। ਹੁਣ ਚੰਡੀਗੜ੍ਹ ਵਿੱਚ ਜਨਤਾ ਦਰਬਾਰ ਨਹੀਂ ਲੱਗੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਮੌਕੇ ਉਤੇ ਹੱਲ ਕਰਨ ਲਈ ਸੋਮਵਾਰ ਨੂੰ ਪੰਜਾਬ ਭਵਨ ਵਿੱਚ ‘ਲੋਕ ਮਿਲਣੀ’ਦਰਬਾਰ ਲਾਇਆ ਸੀ। ਲੋਕ ਮਿਲਣੀ ਪ੍ਰੋਗਰਾਮ ਬਾਰੇ ਸੁਣ ਕੇ ਦੂਰ ਦੁਰੇਡਿਓਂ ਲੋਕ ਆਪਣੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾਉਣ ਦੀ ਉਮੀਦ ਲੈ ਕੇ ਚੰਡੀਗੜ੍ਹ ਪੁੱਜੇ ਪਰ ਸੈਂਕੜੇ ਲੋਕਾਂ ਦੀ ਮੁੱਖ ਮੰਤਰੀ ਨਾਲ ਮਿਲਣੀ ਨਹੀ ਹੋ ਸਕੀ ਸੀ। ਗਰਮੀ ਅਤੇ ਧੁੱਪ ਵਿੱਚ ਤਪੇ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਸੀ। ਸੋਮਵਾਰ ਨੂੰ ਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੌਕੇ ਉਤੇ ਹੱਲ ਕਰਨ ਦਾ ਯਤਨ ਵੀ ਕੀਤਾ ਗਿਆ ਸੀ। ਭਵਨ ’ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਦਾਖ਼ਲ ਹੋਣ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਨੇ ਪਹਿਲਾਂ ਹੀ ਆਉਣ ਲਈ ਪੱਤਰ ਭੇਜੇ ਹੋਏ ਸਨ। ਭਗਵੰਤ ਮਾਨ ਸੂਬੇ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਦੇ ਮੀਡੀਏ ਨਾਲ ਰਸਮੀ ਤੌਰ ਉਤੇ ਇਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਸੀ। ਲੋਕਾਂ ਦੀ ਨਰਾਜ਼ਗੀ ਤੇ ਨਾਅਰੇਬਾਜ਼ੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਕਰਕੇ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਤਾਂ ਲੋਕ ਸ਼ਾਂਤ ਹੋ ਗਏ ਸਨ। ਜ਼ਿਕਰਯੋਗ ਹੈ ਕਿ ਪੰਜਾਬ ਭਵਨ ਵਿਚ ਮੀਡੀਆ ਦੀ ਐਂਟਰੀ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ