ਗੁਜਰਾਤ 'ਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28, 40 ਤੋਂ ਵੱਧ ਜ਼ੇਰੇ ਇਲਾਜ
ਸੂਰਤ, 26 ਜੁਲਾਈ: ਗੁਜਰਾਤ ਦੇ ਬੋਟਾਦ ਜ਼ਿਲ੍ਹੇ ਦੇ ਪਿੰਡ ਰੋਜ਼ੀਦ ਵਿੱਚ ਨਕਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਰਾਜ ਵਿੱਚ ਪਾਬੰਦੀ ਦੇ ਬਾਵਜੂਦ ਇਸ ਦੁਖਾਂਤ ਵਿੱਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖਲ ਹਨ। ਦੂਜੇ ਪਾਸੇ ਭੂਪੇਂਦਰ ਪਟੇਲ ਸਰਕਾਰ ਲਗਾਤਾਰ ਇਸ 'ਤੇ ਨਜ਼ਰ ਰੱਖ ਰਹੀ ਹੈ। ਸੋਮਵਾਰ ਨੂੰ ਸੀਐਮ ਪਟੇਲ ਨੇ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਦੇ ਨਿਰਦੇਸ਼ ਦਿੱਤੇ। ਗੁਜਰਾਤ 'ਚ ਮੰਗਲਵਾਰ ਨੂੰ ਨਕਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਗੁਜਰਾਤ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸ਼ਰਾਬ ਦੀ ਬਜਾਏ ਸਾਰੇ ਲੋਕਾਂ ਨੂੰ ਬੋਤਲ ਵਿੱਚ ਕੈਮੀਕਲ ਦਿੱਤਾ ਗਿਆ ਸੀ। ਇਹ ਕੈਮੀਕਲ ਪੀਣ ਤੋਂ ਬਾਅਦ ਐਤਵਾਰ ਨੂੰ ਸਾਰਿਆਂ ਦੀ ਸਿਹਤ ਖਰਾਬ ਹੋ ਗਈ। ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਵੱਲੋਂ ਸ਼ੱਕੀ ਵਿਅਕਤੀਆਂ ਤੋਂ ਮੁੱਢਲੀ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਈਆਂ ਹਨ। ਜਿਸ ਅਨੁਸਾਰ ਇਮੋਸ ਨਾਮ ਦੀ ਕੰਪਨੀ ਨੇ ਮਿਥਾਇਲ ਦੀ ਸਪਲਾਈ ਕੀਤੀ ਸੀ। ਇਹ ਮਿਥਾਇਲ ਉਸ ਬੋਤਲ ਵਿੱਚ ਮੌਜੂਦ ਸੀ ਜਿਸ ਨੂੰ ਇਨ੍ਹਾਂ ਲੋਕਾਂ ਨੇ ਪੀਤਾ ਸੀ। ਗੋਦਾਮ ਦੇ ਮੈਨੇਜਰ ਨੇ 200 ਲੀਟਰ ਮਿਥਾਇਲ ਆਪਣੇ ਇੱਕ ਰਿਸ਼ਤੇਦਾਰ ਨੂੰ 60 ਹਜ਼ਾਰ ਰੁਪਏ ਵਿੱਚ ਦਿੱਤਾ ਸੀ। ਦੱਸਿਆ ਜਾ ਰਿਹਾ ਕਿ ਉਸ ਵਿਅਕਤੀ ਅਤੇ ਉਸ ਦੇ ਸਾਥੀ ਨੇ ਬਾਅਦ ਵਿਚ ਮਿਥਾਇਲ ਨਾਲ ਭਰੇ ਪਾਊਚ ਦੇਸੀ ਸ਼ਰਾਬ ਦੇ ਨਾਂ ਹੇਠ ਲੋਕਾਂ ਨੂੰ ਵੇਚੇ ਸਨ। ਜਿਸਨੂੰ ਪੀ ਕੇ ਲੋਕ ਬੀਮਾਰ ਹੋ ਗਏ। ਖਬਰਾਂ ਮੁਤਾਬਕ ਇਮੋਸ ਕੰਪਨੀ ਨੇ ਕੁੱਲ 600 ਲੀਟਰ ਮਿਥਾਇਲ ਦੀ ਸਪਲਾਈ ਕੀਤੀ ਸੀ। ਪੁਲਿਸ ਨੇ ਇਸ ਵਿੱਚੋਂ ਕਰੀਬ 450 ਲੀਟਰ ਮਿਥਾਇਲ ਬਰਾਮਦ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹੁਣ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਦੇ ਆਧਾਰ 'ਤੇ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ। -PTC News