ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਦੀ ਹੱਤਿਆ ਕਰਨ ਵਾਲੇ ਨੂੰ ਮੌਤ ਦੀ ਸਜ਼ਾ
ਟੈਕਸਾਸ (ਅਮਰੀਕਾ), 27 ਅਕਤੂਬਰ: ਟੈਕਸਾਸ ਸੂਬੇ 'ਚ ਜਿਊਰੀ ਨੇ ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਥਾਨਿਕ ਨਿਊਜ਼ ਦੀ ਰਿਪੋਰਟ ਅਨੁਸਾਰ, ਸੰਦੀਪ ਧਾਲੀਵਾਲ ਜੋ ਹੈਰਿਸ ਕਾਉਂਟੀ ਵਿਭਾਗ ਦਾ ਪਹਿਲਾ ਸਿੱਖ ਡਿਪਟੀ ਸੀ, ਨੂੰ ਸਤੰਬਰ 2019 ਵਿੱਚ ਡਿਊਟੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦਸ ਸਾਲਾਂ ਤੋਂ ਹੈਰਿਸ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵਿੱਚ ਤਾਇਨਾਤ ਸਨ। ਉਹ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੂੰ 2015 ਵਿੱਚ ਵਰਦੀ ਵਿੱਚ ਦਸਤਾਰ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। 42 ਸਾਲਾ ਧਾਲੀਵਾਲ ਦੀ 27 ਸਤੰਬਰ 2019 ਨੂੰ ਟੈਕਸਾਸ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਟਵੀਟ ਕੀਤਾ, "ਜੱਜਾਂ ਨੇ ਰੌਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਨਿਆਂ ਦਿੱਤਾ ਗਿਆ ਹੈ। ਸੰਦੀਪ ਨੇ ਸਾਡੇ ਸ਼ੈਰਿਫ ਦਫਤਰ ਦੇ ਪਰਿਵਾਰ ਨੂੰ ਬਿਹਤਰ ਬਣਾਉਣ 'ਚ ਯੋਗਦਾਨ ਪਾਇਆ ਅਤੇ ਅਸੀਂ ਉਸ ਦੇ ਅਨੁਸਾਰ ਰਹਿਣ ਦੀ ਕੋਸ਼ਿਸ਼ ਜਾਰੀ ਰੱਖਾਂਗੇ।" ਡਿਪਟੀ ਧਾਲੀਵਾਲ ਦੇ ਕਤਲ ਦੇ ਦੋਸ਼ੀ ਪਾਏ ਜਾਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਸੋਲਿਸ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਬੁੱਧਵਾਰ ਨੂੰ ਸੁਣਾਇਆ ਗਿਆ। ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕਿਮ ਓਗ ਨੇ ਇੱਕ ਬਿਆਨ ਵਿੱਚ ਕਿਹਾ, “ਮੁਲਜ਼ਮ ਨੇ ਦਿਨ ਦਿਹਾੜੇ ਸਿਰ ਵਿੱਚ ਗੋਲੀ ਮਾਰ ਕੇ ਇੱਕ ਵਰਦੀਧਾਰੀ ਡਿਪਟੀ ਦੀ ਹੱਤਿਆ ਕੀਤੀ। ਇਹ ਉਸਨੂੰ ਸਭ ਤੋਂ ਭੈੜੇ ਤੋਂ ਵੀ ਬਦਤਰ ਬਣਾਉਂਦਾ ਹੈ, ਇਸੇ ਕਰਕੇ ਅਸੀਂ ਜੱਜਾਂ ਨੂੰ ਉਸਨੂੰ ਮੌਤ ਦੀ ਸਜ਼ਾ ਦੇਣ ਲਈ ਕਿਹਾ। ਫੈਸਲੇ ਦੀ ਘੋਸ਼ਣਾ ਤੋਂ ਬਾਅਦ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸਿੱਖ ਡਿਪਟੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਆਪਣੇ ਹਾਸਰਸ ਭਰੇ ਸੁਭਾਅ ਅਤੇ ਆਪਣੇ ਸਾਥੀ ਡਿਪਟੀਆਂ ਨਾਲ ਭਾਈਚਾਰਕ ਸਾਂਝ ਬਣਾਉਣ ਦੀ ਯੋਗਤਾ ਲਈ ਜਾਣਿਆ ਜਾਂਦਾ ਸੀ। ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਦੀ ਨਵੀਂ ਪਾਲਿਸੀ 'ਚ ਰਾਖਵਾਂਕਰਨ ਬਣ ਸਕਦਾ ਵੱਡਾ ਮੁੱਦਾ ਸੋਮਵਾਰ ਨੂੰ ਅਦਾਲਤ ਨੇ ਸ਼ੈਰਿਫ ਦੇ ਪਰਿਵਾਰ ਦੀ ਮੌਜੂਦਗੀ ਵਿਚਕਾਰ ਸਿਰਫ ਤੀਹ ਮਿੰਟ ਦੀ ਸੁਣਵਾਈ ਤੋਂ ਬਾਅਦ 50 ਸਾਲਾ ਰੌਬਰਟ ਸੋਲਿਸ ਨੂੰ ਦੋਸ਼ੀ ਠਹਿਰਾਇਆ। ਸੋਲਿਸ ਨੂੰ ਗ੍ਰਿਫਤਾਰੀ ਤੋਂ ਤਿੰਨ ਸਾਲ ਬਾਅਦ ਸਜ਼ਾ ਸੁਣਾਈ ਗਈ ਹੈ। ਮਰਹੂਮ ਧਾਲੀਵਾਲ ਮਨੁੱਖੀ ਅਧਿਕਾਰ ਸੰਗਠਨ ਯੂਨਾਈਟਿਡ ਸਿੱਖ ਲਈ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਸਿੱਖ ਕੌਮ ਦਾ ਮਾਣ ਮੰਨਿਆ ਜਾਂਦਾ ਸੀ। ਵੈਸਟ ਹਿਊਸਟਨ ਵਿੱਚ ਇੱਕ ਡਾਕਖਾਨਾ ਵੀ ਉਨ੍ਹਾਂ ਦੇ ਨਾਮ ਉੱਤੇ ਹੈ। ਉਨ੍ਹਾਂ ਦੀ ਮੌਤ ਤੋਂ ਇੱਕ ਸਾਲ ਬਾਅਦ, ਹਾਈਵੇਅ 249 ਨੇੜੇ ਬੈਲਟਵੇਅ ਦੇ ਇੱਕ ਹਿੱਸੇ ਦਾ ਨਾਮ ਵੀ ਧਾਲੀਵਾਲ ਦੇ ਨਾਮ ਉੱਤੇ ਰੱਖਿਆ ਗਿਆ। -PTC News