ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ: 13 ਦਿਨਾਂ 'ਚ 387 ਲੋਕਾਂ ਦੀ ਹੋਈ ਮੌਤ
ਚੰਡੀਗੜ੍ਹ: ਪੰਜਾਬ 'ਚ ਚੋਣਾਂ ਦੇ ਨਾਲ ਨਾਲ ਕੋਰੋਨਾ ਵੀ ਆਪਣਾ ਕਹਿਰ ਮਚਿਆ ਹੋਇਆ ਹੈ। ਇਸਦੇ ਨਾਲ ਹੀ ਪਿੱਛਲੇ ਕੁਝ ਦਿਨਾਂ ਪੰਜਾਬ 'ਚ ਕੋਰੋਨਾ ਦੀ ਰਫਤਾਰ ਹੌਲੀ ਹੋਣੀ ਸ਼ੁਰੂ ਹੋਈ ਹੈ ਪਰ ਮੌਤਾਂ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ 'ਚ 31 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ। ਪੰਜਾਬ 'ਚ ਮੌਤਾਂ ਦੀ ਰਫਤਾਰ ਇੰਨੀ ਤੇਜ਼ ਹੈ ਕਿ ਸਿਰਫ 13 ਦਿਨਾਂ 'ਚ 387 ਲੋਕ ਕੋਰੋਨਾ ਕਾਰਨ ਜਾਨ ਗਵਾ ਚੁੱਕੇ ਹਨ। ਇਸ ਦੇ ਨਾਲ ਹੀ 1545 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਹਨ।
ਇਸਦੇ ਨਾਲ ਹੀ ਇਕ ਵਾਰ ਫਿਰ ਵੈਂਟੀਲੇਟਰ 'ਤੇ ਦਾਖਲ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਰੁਕੀ ਹੋਈ ਕੋਰੋਨਾ ਲਹਿਰ ਦੇ ਵਿਚਕਾਰ ਪੰਜਾਬ ਲਈ ਜਾਨ ਦਾ ਖਤਰਾ ਵਧ ਗਿਆ ਹੈ। ਕੋਰੋਨਾ ਕਾਰਨ ਕਮਿਸ਼ਨ ਨੇ ਰੈਲੀਆਂ ਤੇ ਰੋਡ ਸ਼ੋਅ 'ਤੇ ਪਾਬੰਦੀ ਲਗਾਈ ਹੋਈ ਹੈ। ਪੰਜਾਬ 'ਚ ਕੋਰੋਨਾ ਇੰਨਾ ਖਤਰਨਾਕ ਹੋ ਗਿਆ ਹੈ ਕਿ ਵੈਂਟੀਲੇਟਰ 'ਤੇ ਦਾਖਲ ਮਰੀਜ਼ਾਂ ਦੀ ਗਿਣਤੀ 99 ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਜਲੰਧਰ 'ਚ 4 ਤੇ ਮੋਹਾਲੀ 'ਚ 2 ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ 339 ਮਰੀਜ਼ ਆਈਸੀਯੂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਦੱਸ ਦਈਏ ਕਿ 5 ਮਰੀਜ਼ਾਂ ਨੂੰ ਲੁਧਿਆਣਾ ਦੇ ਆਈਸੀਯੂ, 3 ਮੋਹਾਲੀ, 2 ਰੋਪੜ ਤੇ ਇੱਕ ਨੂੰ ਜਲੰਧਰ ਵਿੱਚ ਸ਼ਿਫਟ ਕੀਤਾ ਗਿਆ ਸੀ। ਇਸ ਦੇ ਨਾਲ ਹੀ 1107 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।
ਪੰਜਾਬ ਵਿੱਚ ਕਈ ਦਿਨਾਂ ਤੋਂ ਕੋਰੋਨਾ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ 'ਚ ਕੋਰੋਨਾ ਦੇ 3,325 ਨਵੇਂ ਮਰੀਜ਼ ਪਾਏ ਗਏ ਹਨ ਅਤੇ ਸੰਕਰਮਣ ਦਰ 8.83% ਰਹੀ ਹੈ। ਹਾਲਾਂਕਿ, 5 ਜ਼ਿਲ੍ਹੇ ਅਜਿਹੇ ਹਨ ਜਿੱਥੇ ਸੰਕਰਮਣ ਦਰ ਭਾਵ Positivity rate 10 ਨੂੰ ਪਾਰ ਕਰ ਗਈ ਹੈ।
ਇਨ੍ਹਾਂ 'ਚ ਮੋਹਾਲੀ ਦੀ ਹਾਲਤ ਫਿਰ ਤੋਂ ਖਰਾਬ ਹੋਣ ਲੱਗੀ ਹੈ। ਪਿਛਲੇ ਦਿਨਾਂ 27.13% ਦੀ ਲਾਗ ਦਰ ਦੇ ਨਾਲ 605 ਮਰੀਜ਼ ਪਾਏ ਗਏ। ਇਸ ਦੇ ਨਾਲ ਹੀ, ਬਠਿੰਡਾ ਵਿੱਚ 20.14% ਦੀ ਲਾਗ ਦਰ ਨਾਲ 224 ਮਰੀਜ਼, ਰੋਪੜ ਵਿੱਚ 144 ਮਰੀਜ਼ 18.51%, ਫ਼ਿਰੋਜ਼ਪੁਰ ਵਿੱਚ 127 ਅਤੇ 13.47% ਦੀ ਲਾਗ ਦਰ ਦੇ ਨਾਲ ਹੁਸ਼ਿਆਰਪੁਰ ਵਿੱਚ 277 ਮਰੀਜ਼ ਪਾਏ ਗਏ ਹਨ ਜਿਨ੍ਹਾਂ ਦੀ ਲਾਗ ਦਰ 13.31% ਹੈ।
-PTC News