ਚੰਡੀਗੜ੍ਹ 'ਚ ਨਾਈਟ ਫੂਡ ਸਟਰੀਟ ਤੋਂ ਪਰਤ ਰਹੇ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲਾ
ਚੰਡੀਗੜ੍ਹ, 14 ਅਗਸਤ: ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣ ਦੇ ਬਾਵਜੂਦ ਪੀਜੀਆਈ ਦੇ ਉਲਟ ਸਥਿਤ ਨਾਈਟ ਫੂਡ ਸਟਰੀਟ ਵਿੱਚ ਖਾਣਾ ਖਾ ਕੇ ਘਰ ਪਰਤ ਰਹੇ ਦੋ ਨੌਜਵਾਨਾਂ ’ਤੇ ਕਰੀਬ 25-30 ਲੋਕਾਂ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਕਰੀਬ 25-30 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ। ਘਟਨਾ ਦੀ ਸੂਚਨਾ ਪੁਲਸ ਨੂੰ ਮਿਲਣ ਤੋਂ ਬਾਅਦ ਪੀਸੀਆਰ ਅਤੇ ਸੈਕਟਰ 17 ਦੇ ਐਸਐਚਓ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸੈਕਟਰ 29 ਦਾ ਵਸਨੀਕ ਅਮਿਤ ਬੀਤੀ ਦੇਰ ਰਾਤ ਆਪਣੇ ਦੋਸਤ ਨਾਲ ਘਰ ਪਰਤ ਰਿਹਾ ਸੀ ਜਦੋਂ ਇੱਕ ਕਾਰ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਕਰੀਬ 25-30 ਵਿਅਕਤੀਆਂ ਨੇ ਦੋਵਾਂ ਦੋਸਤਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਵੀ ਕੀਤੀ। ਪੁਲਸ ਦਾ ਕਹਿਣਾ ਕਿ ਪੀੜਤ ਮੁਤਾਬਕ ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਸ਼ੱਕੀਆਂ ਨੇ ਉਨ੍ਹਾਂ 'ਤੇ ਹਮਲਾ ਕਿਉਂ ਕੀਤਾ। ਉਸ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਪੀੜਤ ਦੀ ਸੋਨੇ ਦੀ ਚੇਨ, ਕਰੀਬ 5 ਹਜ਼ਾਰ ਰੁਪਏ ਦਾ ਮੋਬਾਈਲ ਅਤੇ ਦੋਸਤ ਦੀ ਚਾਂਦੀ ਦੀ ਚੇਨ ਖੋਹ ਕੇ ਫਰਾਰ ਹੋ ਗਏ। -PTC News