ਸਰਕਾਰੀ ਸਕੂਲ ਦੀ ਪਾਣੀ ਵਾਲੀ ਟੈਂਕੀ 'ਚ ਮਿਲੇ ਮਰੇ ਹੋਏ ਜਾਨਵਰ
ਬਠਿੰਡਾ, 14 ਸਤੰਬਰ: 'ਆਪ' ਸਰਕਾਰ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲ ਤੋਂ ਅੱਗੇ ਲਿਜਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਜ਼ਮੀਨੀ ਹਕੀਕਤ ਦੇਖ ਕੇ ਸਰਕਾਰ ਦੇ ਵੀ ਹੋਸ਼ ਉੱਡ ਜਾਣਗੇ। ਮਾਮਲਾ ਬਠਿੰਡਾ ਸਥਿਤ ਇੱਕ ਸਰਕਾਰੀ ਸਕੂਲ ਦਾ ਹੈ ਜਿੱਥੇ ਦੇ ਹਾਲਤ ਇਨ੍ਹੇ ਮਾੜੇ ਨੇ ਕਿ ਪੀਣ ਦੇ ਪਾਣੀ ਵਾਲੀ ਟੈਂਕੀ ਵਿਚ ਜਾਨਵਰ ਮਰੇ ਹੋਏ ਨੇ, ਪਾਣੀ ਬਦਬੂ ਮਾਰ ਰਿਹਾ, ਸਕੂਲ ਦੇ ਸਵੀਮਿੰਗ ਪੂਲ ਦੇ ਹਾਲਤ ਬਦ ਤੋਂ ਬੱਦਤਰ ਨੇ, ਤੇ ਬੱਚੇ ਮਰੇ ਹੋਏ ਜਾਨਵਰਾਂ ਵਾਲਾ ਪਾਣੀ ਪੀਣ ਨੂੰ ਮਜਬੂਰ ਹਨ। ਪੀਟੀਸੀ ਦੇ ਪਤਰਕਾਰ ਨੇ ਜਦੋਂ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ ਤਾਂ ਮਾਪਿਆਂ ਨਾਲ ਸਕੂਲ ਦੀ ਛੱਤ ਦਾ ਮੁਆਇਨਾ ਕਰਦੇ ਹੋਏ ਹਰ ਕੋਈ ਉੱਥੇ ਦਾ ਨਜ਼ਾਰਾ ਦੇਖ ਦੰਗ ਰਹਿ ਗਿਆ। ਰੋਸ਼ ਵਿਚ ਆਏ ਮਾਪਿਆਂ ਨੇ ਉਸੇ ਵੇਲੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਹੁਣ ਸਕੂਲ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਅਤੇ ਪਾਣੀ ਦੇ ਰੱਖ ਰਖਾਅ ਅਤੇ ਸਾਫ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਮਾਪਿਆਂ ਦਾ ਕਹਿਣਾ ਕਿ ਸਕੂਲ 'ਚ ਕਮ ਕਰਨ ਵਾਲੇ ਅਧਿਆਪਕ ਵੀ ਪਾਣੀ ਦੀ ਇਸ ਸਮਸਿਆ ਵੱਲ ਕੋਈ ਧਿਆਨ ਨਹੀਂ ਦਿੰਦੇ, ਆਪ ਤਾਂ ਉਹ ਘਰੋਂ ਸਾਫ ਸੁਥਰਾ ਪਾਣੀ ਬੋਤਲਾਂ 'ਚ ਭਰ ਲਿਆਂਦੇ ਹਨ ਪਰ ਉਸੀ ਸਕੂਲ ਦੇ ਬੱਚੇ ਗੰਦਲਾ ਤੇ ਬਦਬੂਦਾਰ ਪਾਣੀ ਪੀਣ ਨੂੰ ਮਜਬੂਰ ਹਨ। ਜਦੋਂ ਪੀਟੀਸੀ ਪਤਰਕਾਰ ਨੇ ਆਪ ਮਾਪਿਆਂ ਨਾਲ ਜਾ ਕਿ ਇਨ੍ਹਾਂ ਪਾਣੀ ਦੀਆ ਟੈਂਕੀਆਂ ਦਾ ਮੁਆਇਨਾ ਕੀਤਾ ਤਾਂ ਇਸ ਵਿਚੋਂ ਮਰੇ ਹੋਏ ਜਾਨਵਰ ਬਾਹਰ ਨਿਕਲੇ। ਇਸੀ ਟੈਂਕੀ ਦਾ ਪਾਣੀ ਥਲੇ ਪੀਣ ਵਾਲੇ ਪਾਣੀ ਦੇ ਫਿਲਟਰ ਨਾਲ ਜੁੜਿਆ ਹੋਇਆ ਸੀ ਤੇ ਬੱਚੇ ਉਸੀ ਵਿਚੋਂ ਪਾਣੀ ਪੀਣ ਨੂੰ ਮਜਬੂਰ ਸਨ ਜਦਕਿ ਫਿਲਟਰ ਨਾਲ ਪਾਣੀ ਨੂੰ ਸਾਫ ਕਰਨ ਲਈ ਆਰ.ਓ. ਤੱਕ ਨਹੀਂ ਲਗਾਇਆ ਗਿਆ। ਜੇਕਰ ਇਸ ਪਾਣੀ ਨੂੰ ਪੀ ਕੇ ਬੱਚੇ ਬਿਮਾਰ ਜੋ ਜਾਣ ਤਾਂ ਜਿੰਮਵਾਰੀ ਕਿਸਦੀ ਹੋਵੇਗੀ। ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਵਿਚ ਨਾ ਕੋਈ ਗਾਰਡ ਹੈ ਨਾ ਕੋਈ ਵਾਰਡਨ ਜੋ ਸਾਡੇ ਬੱਚਿਆ ਦਾ ਧਿਆਨ ਰੱਖ ਸਕਣ। ਦੂੱਜੇ ਪਾਸੇ ਸਕੂਲ ਦੇ ਇਸ ਮਾਮਲੇ 'ਚ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕਿ ਆਪਣਾ ਪੱਲਾ ਝਾੜ ਦਿੱਤਾ ਕਿ ਇਹ ਸਕੂਲ ਨਵਾਂ ਬਣਿਆ ਹੈ ਜਿਸਦੇ ਚੱਲਦੇ ਇੱਥੇ ਸਟਾਫ ਦੀ ਘੱਟ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਘਾਟ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। -PTC News