ਸੱਤਵੀਂ ਜਮਾਤ ਦੀ ਬੱਚੀ ਵੱਲੋਂ ਲਿਖੀ ਚਿੱਠੀ 'ਤੇ ਕਾਰਵਾਈ ਕਰਦਿਆਂ ਡੀਸੀ ਵੱਲੋਂ ਬਾਰਾਦਰੀ ਬਾਗ ਦਾ ਦੌਰਾ
ਪਟਿਆਲਾ:ਸੱਤਵੀਂ ਜਮਾਤ ਦੀ ਇੱਕ ਬੱਚੀ ਲਵਲੀਨ ਕੌਰ ਵੱਲੋਂ ਪਟਿਆਲਾ ਦੇ ਬਾਰਾਦਰੀ ਬਾਗ 'ਚ ਬੱਚਿਆਂ ਲਈ ਲੱਗੇ ਝੂਲਿਆਂ, ਓਪਨ ਜਿੰਮ ਸਮੇਤ ਇੱਥੇ ਸਾਫ਼-ਸਫ਼ਾਈ ਅਤੇ ਕੁਝ ਹੋਰ ਮੁੱਦਿਆਂ ਬਾਰੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖਕੇ ਬਾਗ ਦੇ ਰੱਖ-ਰਖਾਓ 'ਚ ਸੁਧਾਰ ਕਰਨ ਦੀ ਕੀਤੀ ਮੰਗ 'ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬਾਰਾਦਰੀ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਜੋ ਕਿ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਅਤੇ ਬਾਗਬਾਨੀ ਦੇ ਡਿਪਟੀ ਡਾਇਰੈਕਟਰ ਨਿਰਵੰਤ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਬਾਰਾਦਰੀ ਬਾਗ ਦਾ ਜਾਇਜਾ ਲੈਣ ਲਈ ਪੁਜੇ ਸਨ, ਨੇ ਵਿਦਿਆਰਥਣ ਲਵਲੀਨ ਕੌਰ ਨੂੰ ਨਾਲ ਲੈਕੇ ਬਾਰਾਦਰੀ ਬਾਗ ਦਾ ਬਰੀਕੀ ਨਾਲ ਮੁਆਇਨਾ ਕਰਕੇ ਉਥੇ ਹੋਣ ਵਾਲੇ ਸੁਧਾਰਾਂ ਅਤੇ ਕੰਮਾਂ ਦਾ ਵੇਰਵਾ ਇਕੱਤਰ ਕੀਤਾ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਸਾਕਸ਼ੀ ਸਾਹਨੀ ਨੇ ਡਿਪਟੀ ਡਾਇਰੈਕਟਰ ਬਾਗਬਾਨੀ ਨਿਰਵੰਤ ਸਿੰਘ ਨੂੰ ਕਿਹਾ ਕਿ ਝੂਲਿਆਂ ਦੀ ਸੁਰੱਖਿਆ, ਓਪਨ ਜਿੰਮ 'ਚ ਕਸਰਤਾਂ ਕਰਨ ਬਾਰੇ ਜਾਣਕਾਰੀ ਕਾਰਵਾਈ ਕਰਨ ਸਮੇਤ ਬਾਗ 'ਚ ਸਫ਼ਾਈ ਆਦਿ ਤੁਰੰਤ ਕਾਰਵਾਈ ਜਾਵੇ। ਸੁੱਕ ਚੁੱਕੇ ਪੁਰਾਣੇ ਬੂਟਿਆਂ ਨੂੰ ਤਬਦੀਲ ਕਰਕੇ ਉਸੇ ਕਿਸਮ ਦੇ ਨਵੇਂ ਬੂਟੇ ਲਗਾਏ ਜਾਣ ਤੋਂ ਇਲਾਵਾ ਬਾਰਾਦਰੀ ਬਾਗ 'ਚ ਗ਼ੈਰ ਸਮਾਜੀ ਅਨਸਰਾਂ ਦੇ ਦਾਖਲੇ ਨੂੰ ਰੋਕਣ ਲਈ ਸੁਰੱਖਿਆ ਗਾਰਡ ਵੀ ਤੈਨਾਤ ਕੀਤੇ ਜਾਣ। ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਡੀ.ਐਫ. ਪ੍ਰਿਆ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ ਤੇ ਸਿਮਰਨਜੀਤ ਕੌਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਅਤੇ ਐਸ.ਡੀ.ਓ. ਮਿਯੰਕ ਕਾਂਸਲ ਵੀ ਮੌਜੂਦ ਸਨ। ਇਹ ਵੀ ਪੜ੍ਹੋ:ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਆਕਾਸ਼ ਅੰਬਾਨੀ ਬੋਰਡ ਦੇ ਬਣੇ ਨਵੇਂ ਚੇਅਰਮੈਨ -PTC News