ਨੂਰਪੁਰ ਬੇਦੀ ਇਲਾਕੇ 'ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ
ਨੂਰਪੁਰ ਬੇਦੀ: ਬਲਾਕ ਨੂਰਪੁਰ ਬੇਦੀ ਦੇ ਪਿੰਡ ਕੌਲਾਪੁਰ ਵਿਖੇ ਦੀ ਫਿਰਨੀ ਤੇ ਪੈਂਦੇ ਇਕ ਘਰ 'ਚ ਦਿਨ ਦਿਹਾੜੇ ਗੋਲੀਆਂ ਚੱਲਣ ਕਾਰਨ ਸਮੁੱਚੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ, ਇਸ ਸਬੰਧੀ ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਥਾਣਾ ਨੂਰਪੁਰ ਬੇਦੀ ਦੀ ਟੀਮ ਪਹੁੰਚ ਗਈ ਜਿਨ੍ਹਾਂ ਵੱਲੋਂ ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ 'ਚ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਸਮੁੱਚੇ ਤੱਥਾਂ ਦੀ ਗਹਿਰਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿੱਚ ਫਿਰ ਤੋਂ ਵਧੇਗਾ ਪਾਣੀ ਦਾ ਰੇਟ, ਬਿਜਲੀ ਵਿਭਾਗ ਦੇ ਨਿੱਜੀਕਰਨ 'ਤੇ ਉਠੇ ਸਵਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮੌਕੇ 'ਤੇ ਪੁੱਜੇ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਹੈਲਪਲਾਈਨ ਨੰਬਰ ਤੋਂ ਇਕ ਕੰਪਲੇਟ ਫਾਰਵਰਡ ਹੋਈ ਸੀ ਕਿ ਖੇਤਰ ਦੇ ਪਿੰਡ ਕੋਲ੍ਹਾਪੁਰ ਵਿਖੇ ਇੱਥੋਂ ਦੇ ਵਸਨੀਕ ਸੋਹਣ ਸਿੰਘ ਦੇ ਘਰ ਤੇ ਅੱਜ ਕਰੀਬ ਦੁਪਹਿਰ ਲਗਪਗ 2:30 ਵਜੇ ਗੱਡੀ 'ਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਤੇ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਜਾਂਚ ਕੀਤੀ ਗਈ ਤੇ ਕੁਝ ਵਿਅਕਤੀਆਂ ਦਾ ਪਤਾ ਚੱਲਿਆ ਹੈ ਅਤੇ ਜਲਦ ਹੀ ਮਾਮਲੇ ਦੀ ਤਹਿ ਤਕ ਜਾ ਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਸ ਸੰਬੰਧੀ ਗੱਲ ਕਰਦੀਆਂ ਹੋਈਆਂ ਸੋਹਣ ਸਿੰਘ ਦੀ ਵਹੁਟੀ ਸਰਬਜੀਤ ਕੌਰ ਨੇ ਦੱਸਿਆ ਕਿ ਦੁਪਹਿਰ ਕਰੀਬ 2:30 ਵਜੇ ਉਸ ਨੇ ਆਪਣੇ ਪੁੱਤਰ ਨੂੰ ਪਸ਼ੂਆਂ ਨੂੰ ਚਾਰਾ ਪਾਉਣ ਲਈ ਪਸ਼ੂਆਂ ਵਾਲੇ ਵਾੜੇ 'ਚ ਭੇਜ ਦਿੱਤਾ ਤੇ ਜਦੋਂ ਉਹ ਘਰ ਦੀ ਮੁਹਾਰਨੇ 'ਤੇ ਸੀ ਤਾਂ ਇਕਦਮ ਉਸ ਨੂੰ ਬਾਹਰ ਤੋਂ ਗੱਡੀਆਂ ਤੇ ਮੋਟਰਸਾਈਕਲਾਂ ਦੀ ਤਾਬੜਤੋੜ ਆਵਾਜ਼ ਆਉਣੀ ਸ਼ੁਰੂ ਹੋਈ ਤਾਂ ਉਹ ਜਦੋਂ ਬਾਹਰ ਜਾ ਕੇ ਦੇਖਣ ਲੱਗੀ ਤੇ ਘਰ ਦੇ ਗੇਟ ਦੀ ਕੁੰਡੀ ਨਹੀਂ ਲੱਗੀ ਸੀ ਜਿਸ ਕਰਕੇ ਇਕਦਮ ਹੀ ਤਿੱਨ ਚਾਰ ਅਣਪਛਾਤੇ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਅੰਦਰ ਦਾਖਲ ਹੋਏ ਤਾਂ ਉਹ ਘਬਰਾ ਕੇ ਇਕਦਮ ਬੇਹੋਸ਼ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਲਗਭਗ ਸੱਤ ਅੱਠ ਫਾਇਰ ਕੀਤੇ ਗਏ।
ਇਸ ਮੌਕੇ ਤੇ ਗੱਲ ਕਰਦਿਆਂ ਘਰ ਦੇ ਮਾਲਿਕ ਸੋਹਣ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਘਟਨਾ ਵਾਪਰੀ ਸੀ ਤਾਂ ਉਹ ਆਪਣੇ ਰਿਸ਼ਤੇਦਾਰੀ ਦੇ ਗਿਆ ਹੋਇਆ ਸੀ ਤੇ ਜਦੋਂ ਉਸ ਨੇ ਘਰ ਆ ਕੇ ਦੇਖਿਆ ਘਰ ਗੋਲੀਆਂ ਦੇ ਖੋਲ੍ਹ ਗਿਰੇ ਹੋਏ ਸਨ ਅਤੇ ਘਰ ਵਿੱਚ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ ਸੀ। ਉਸ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ ਤੇ ਸਾਨੂੰ ਨਹੀਂ ਪਤਾ ਕਿ ਇਹ ਘਟਨਾ ਕਿਸ ਵੱਲੋਂ ਅਤੇ ਕਿਉਂ ਕੀਤੀ ਗਈ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਕਤ ਘਟਨਾ ਦੀ ਗਹਿਰਾਈ ਨਾਲ ਜਾਂਚ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਸ਼ਹੀਦਾਂ ਦੀ ਯਾਦ 'ਚ ਬਣੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਿੱਖ ਕੌਮ ਨੂੰ ਵੱਡੀ ਦੇਣ : ਐਡਵੋਕੇਟ ਧਾਮੀ
ਘਟਨਾ ਦੀ ਸੂਚਨਾ ਮਿਲਣ ਤੇ ਫੋਰੈਂਸਿਕ ਜਾਂਚ ਟੀਮ ਮੌਕੇ ਤੇ ਪਹੁੰਚੀ ਤੇ ਵੱਖ ਵੱਖ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਜਿਨ੍ਹਾਂ ਵੱਲੋਂ ਵੱਖ ਵੱਖ ਪ੍ਰਕਾਰ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਇੱਥੇ ਦੱਸਣਯੋਗ ਹੈ ਕਿ ਜਦੋਂ ਚੋਣਾਂ ਨੂੰ ਲੈ ਕੇ ਅਸਲਾ ਜਮ੍ਹਾਂ ਹੈ ਤਾਂ ਇਨ੍ਹਾਂ ਨੌਜਵਾਨਾਂ ਦੇ ਕੋਲ ਅਸਲਾ ਕਿਵੇਂ ਤੇ ਕਿੱਥੋਂ ਆਇਆ ਇਹ ਜਾਂਚ ਦਾ ਮਾਮਲਾ ਰਹੇਗਾ।
-PTC News