178 ਲਾਅ ਅਫਸਰ ਦੀਆਂ ਪੋਸਟਾਂ 'ਚ ਰਾਖਵਾਂਕਰਨ ਨਾ ਦੇਣ ਤੋਂ ਭੜਕਿਆ ਦਲਿਤ ਸਮਾਜ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਦੇ ਦਫਤਰ ਵਿੱਚ ਭਰੀਆਂ ਜਾਣ ਵਾਲੀਆਂ 178 ਲਾਅ ਅਫਸਰ ਦੀਆਂ ਪੋਸਟਾਂ ਵਿੱਚ ਪਹਿਲਾਂ ਰਾਖਵਾਂਕਰਨ ਨਾ ਦਿੱਤੇ ਜਾਣ ਅਤੇ ਬਾਅਦ ਵਿੱਚ ਐਡਵੋਕੇਟ ਜਰਨਲ ਵਲੋਂ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ਵਿੱਚ ਅਨੁਸੂਚਿਤ ਜਾਤੀਆਂ ਦੀ ਕਾਰਜ ਕੁਸ਼ਲਤਾ ਉੱਪਰ ਕੀਤੀ ਗਈ ਗਲਤ ਟਿੱਪਣੀ ਕਾਰਣ ਪੰਜਾਬ ਭਰ ਵਿੱਚ ਦਲਿਤਾਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਵੀਰਵਾਰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਅਤੇ ਫੈਡਰੇਸ਼ਨ ਦੀ ਯੂਨੀਵਰਸਿਟੀ ਇਕਾਈ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਕੈਂਪਸ ਅੰਦਰ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਤੋਂ ਲੈ ਕੇ ਮੇਨ ਗੇਟ ਤੱਕ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਮੇਨ ਗੇਟ 'ਤੇ ਪੰਜਾਬ ਸਰਕਾਰ ਦੀ ਪੁਤਲਾ ਫੂਕਿਆ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਅੰਦਰ ਪਹਿਲੀ ਵਾਰ ਕਿਸੇ ਸਰਕਾਰ ਨੇ ਦੀ ਪੰਜਾਬ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਜ਼ ਰਿਜਰਵੇਸ਼ਨ ਇਨ ਸਰਵਿਸਿਜ਼ ਨਿਯਮ, 2006 ਨੂੰ ਖਤਮ ਕੀਤਾ ਹੈ ਜੋ ਸਿੱਧਾ ਸਿੱਧਾ ਭਾਰਤੀ ਸੰਵਿਧਾਨ 'ਤੇ ਹਮਲਾ ਹੈ। ਪੰਜਾਬ ਸਰਕਾਰ ਦੇ ਨੁਮਾਇੰਦੇ ਵਲੋਂ ਅਨੁਸੂਚਿਤ ਜਾਤੀ ਉਮੀਦਵਾਰਾਂ ਦੀ ਕਾਬਲੀਅਤ ਬਾਰੇ ਦਿੱਤੀ ਗਈ ਗਲਤ ਟਿੱਪਣੀ ਨੇ ਪੂਰੀ ਦੁਨੀਆਂ ਵੱਸਦੇ ਕਰੋੜਾਂ ਲੋਕਾਂ ਦਾ ਅਪਮਾਨ ਕੀਤਾ ਹੈ। ਇਹ ਵੀ ਪੜ੍ਹੋ: CM Maan Marriage Photos: ਡਾ. ਗੁਰਪ੍ਰੀਤ ਕੌਰ ਬਣੀ ਮੁੱਖ ਮੰਤਰੀ ਮਾਨ ਦੀ ਹਮਸਫ਼ਰ, ਵੇਖੋ ਹੁਣ ਤੱਕ ਦੀਆਂ ਖੂਬਸੂਰਤ ਤਸਵੀਰਾਂ ਜਿਸ ਕਾਰਣ ਦੁਨੀਆਂ ਭਰ ਵਿੱਚ ਰਹਿੰਦੇ ਅਨੁਸੂਚਿਤ ਜਾਤੀ ਲੋਕਾਂ ਦੀਆਂ ਭਾਵਨਾਵਾਂ ਤੋੜੀਆਂ ਗਈਆਂ ਹਨ, ਉਨਾਂ ਨੂੰ ਸਮਾਜ ਅੰਦਰ ਜ਼ਲੀਲ ਕੀਤਾ ਗਿਆ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਕ ਪਾਸੇ ਡਾ. ਬੀ.ਆਰ.ਅੰਬੇਡਕਰ ਦੀਆਂ ਤਸਵੀਰਾਂ ਸਰਕਾਰੀ ਦਫਤਰਾਂ ਵਿੱਚ ਲਾਈਆਂ ਜਾ ਰਹੀਆਂ ਹਨ ਉਥੇ ਦੂਜੇ ਪਾਸੇ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੰਵਿਧਾਨ ਵਿਰੋਧੀ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ, ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਸੰਵਿਧਾਨ ਅਨੁਸਾਰ ਦਿੱਤਾ ਰਾਖਵਾਂਕਰਨ ਬਹਾਲ ਕਰਨਾ ਚਾਹੀਦਾ ਹੈ ਅਤੇ ਅਨੁਸੂਚਿਤ ਜਾਤੀਆਂ ਖਿਲਾਫ ਕੀਤੀ ਭੱਦੀ ਟਿੱਪਣੀ ਲਈ ਫੌਰੀ ਸਮੁੱਚੇ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਸੁਪਰਡੈਂਟ ਦੇਵਕੀ ਦੇਵੀ, ਸ੍ਰੀ ਰਾਕੇਸ਼ ਮੱਟੂ, ਸਫਾਈ ਸੇਵਕ ਯੂਨੀਅਨ ਪ੍ਰਧਾਨ ਸੰਦੀਪ ਰਾਜਪੁਰਾ, ਮਹਾਂਸੰਘ ਦੀ ਅਧਿਆਪਕ ਯੂਨੀਅਨ ਇਕਾਈ ਤੋਂ ਗੁਰਬਖਸ਼ੀਸ਼ ਸਿੰਘ ਭੱਟੀ,ਹਰਜੀਤ ਸਿੰਘ ਟੌਹੜਾ, ਜਗਤਾਰ ਸਿੰਘ ਬਾਲੂ, ਨੰਦ ਲਾਲ, ਬਲਬੀਰ ਸਿੰਘ, ਰਾਕੇਸ਼ ਅਟਵਾਲ ਨਾਭਾ, ਸਰਬਵੀਰ ਨਾਭਾ, ਹਰਦੀਪ ਬਠਿੰਡਾ, ਬਲਵੰਤ ਸਿੰਘ ਸ਼ੁਤਰਾਣਾ, ਤੇਜਿੰਦਰ ਸਿੰਘ ਸੀਨੀਅਰ ਸਹਾਇਕ, ਅੰਮ੍ਰਿਤਪਾਲ, ਜਤਿੰਦਰ ਧਾਲੀਵਾਲ, ਕੁਲਦੀਪ ਸਿੰਘ ਆਦਿ ਹਾਜ਼ਰ ਸਨ। (ਗਗਨਦੀਪ ਆਹੂਜਾ ਦੀ ਰਿਪੋਰਟ ) -PTC News