ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਦਲੇਰ ਮਹਿੰਦੀ
ਅੰਮ੍ਰਤਿਸਰ, 20 ਸਤੰਬਰ: 19 ਸਾਲ ਪੁਰਾਣੇ ਕਬੂਤਰਬਾਜ਼ੀ ਮਾਮਲੇ 'ਚ ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਆਪਣੇ ਭਰਾ ਮੀਕਾ ਸਿੰਘ ਨਾਲ ਸੋਮਵਾਰ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਸਾਲ ਜੁਲਾਈ ਵਿੱਚ ਪਟਿਆਲਾ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਮਨੁੱਖੀ ਤਸਕਰੀ ਦੇ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਦਲੇਰ ਮਹਿੰਦੀ ਨੇ ਸਜ਼ਾ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਜਿਸ ਨੂੰ ਹਾਈਕੋਰਟ ਨੇ ਮੰਨਿਆ ਤੇ ਜ਼ਮਾਨਤ ਦੇ ਕੇ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ। ਹੁਣ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ ਜਾਰੀ ਰਹੇਗੀ। ਦਲੇਰ ਮਹਿੰਦੀ ਕਾਫੀ ਦੇਰ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰਹੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕੀਤੀ। ਕਾਬਲੇਗੌਰ ਹੈ ਕਿ 15 ਸਤੰਬਰ ਨੂੰ ਦਲੇਰ ਮਹਿੰਦੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਦਲੇਰ ਮਹਿੰਦੀ ਖਿਲਾਫ 2003 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦੋਸ਼ ਸੀ। ਉਨ੍ਹਾਂ 'ਤੇ ਇਲਜ਼ਾਮ ਹਨ ਕਿ ਮਹਿੰਦੀ ਅਜਿਹਾ ਕਰਨ ਲਈ ਲੋਕਾਂ ਤੋਂ ਮੋਟੀ ਰਕਮ ਵਸੂਲਦੇ ਸਨ। ਇਸ ਤੋਂ ਬਾਅਦ ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਅਮਰੀਕਾ ਵਿੱਚ ਸੜਕ ਹਾਦਸੇ 'ਚ 3 ਪੰਜਾਬੀਆਂ ਦੀ ਮੌਤ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਦੀ 2017 ਵਿੱਚ ਮੌਤ ਹੋ ਗਈ ਸੀ। 2018 ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। -PTC News