ਦਿੱਲੀ ਆਬਕਾਰੀ ਨੀਤੀ ਕੇਸ : ਅਦਾਲਤ ਨੇ ਵਿਜੇ ਨਾਇਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਨਵੀਂ ਦਿੱਲੀ : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਦੇ ਸੰਚਾਰ ਇੰਚਾਰਜ ਵਿਜੇ ਨਾਇਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦਿੱਲੀ ਆਬਕਾਰੀ ਨੀਤੀ 'ਚ ਮੁਲਜ਼ਮ ਨੰਬਰ 5 ਵਿਜੇ ਨਾਇਰ ਪਿਛਲੇ 8 ਦਿਨਾਂ ਤੋਂ ਸੀਬੀਆਈ ਰਿਮਾਂਡ 'ਤੇ ਸੀ। ਉਸ ਨੂੰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕਰਦਿਆਂ ਸੀਬੀਆਈ ਨੇ ਕਿਹਾ ਕਿ ਪੁੱਛਗਿੱਛ ਤੇ ਜਾਂਚ ਲਈ ਰਿਮਾਂਡ ਦੀ ਅੱਗੇ ਕੋਈ ਲੋੜ ਨਹੀਂ ਹੈ। ਇਸ ਲਈ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਵੇ। ਇਸ ਮਗਰੋਂ ਅਦਾਲਤ ਨੇ ਵਿਜੇ ਨਾਇਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਇਸ ਮਾਮਲੇ 'ਚ ਮੁਲਜ਼ਮ ਹਨ। ਰਿਪੋਰਟ ਮੁਤਾਬਕ ਵਿਜੇ ਨਾਇਰ ਨੂੰ ਰਾਸ਼ਟਰੀ ਰਾਜਧਾਨੀ 'ਚ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸਾਂ ਦੀ ਅਲਾਟਮੈਂਟ 'ਚ ਕਥਿਤ ਬੇਨਿਯਮੀਆਂ ਦੇ ਸਬੰਧ 'ਚ ਧੜੇਬੰਦੀ ਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਐਫਆਈਆਰ 'ਚ ਦੋਸ਼ ਹੈ ਕਿ ਸਿਸੋਦੀਆ ਦੇ ਸਹਾਇਕ ਅਰਜੁਨ ਪਾਂਡੇ ਨੇ ਨਾਇਰ ਵੱਲੋਂ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਤੋਂ ਕਰੀਬ ਦੋ ਤੋਂ ਚਾਰ ਕਰੋੜ ਰੁਪਏ ਲਏ ਸਨ। ਵਿਜੇ ਨਾਇਰ ਐਂਟਰਟੇਨਮੈਂਟ ਅਤੇ ਇਵੈਂਟ ਮੈਨੇਜਮੈਂਟ ਕੰਪਨੀ Only Much Louder ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (CEO) ਹਨ। ਉਨ੍ਹਾਂ ਨੂੰ ਮਨੀਸ਼ ਸਿਸੋਦੀਆ ਦਾ ਕਰੀਬੀ ਮੰਨਿਆ ਜਾਂਦਾ ਹੈ। ਨਾਇਰ ਆਮ ਆਦਮੀ ਪਾਰਟੀ ਦੇ ਸੰਚਾਰ (ਕਮਿਊਨੀਕੇਸ਼ਨ) ਇੰਚਾਰਜ ਹਨ। ਉਹ ਪਾਰਟੀ ਲਈ ਸੋਸ਼ਲ ਮੀਡੀਆ 'ਤੇ ਪ੍ਰਚਾਰ ਮੁਹਿੰਮ ਵੀ ਸੰਭਾਲਦੇ ਹਨ। ਵਿਜੇ ਨਾਇਰ ਨੇ ਦਿੱਲੀ ਤੇ ਪੰਜਾਬ 'ਚ ਪਾਰਟੀ ਲਈ ਕੰਮ ਕੀਤਾ। ਹੁਣ ਗੁਜਰਾਤ 'ਚ ਵੀ ਕੰਮ ਕਰ ਰਿਹਾ ਹੈ। ਵਿਜੇ ਨਾਇਰ ਵੱਲੋਂ ਅਦਾਲਤ ਵਿਚ ਪੇਸ਼ ਵਕੀਲ ਰਮੇਸ਼ ਗੁਪਤਾ ਨੇ ਕਿਹਾ ਕਿ ਸੀਬੀਆਈ ਪੁੱਛਗਿੱਛ ਦੇ ਨਾਮ ਉਤੇ ਜ਼ਰੂਰੀ ਕੇਸ ਡਾਇਰੀ ਦੀ ਸੰਭਾਲ ਨਹੀਂ ਕਰ ਰਹੀ ਹੈ। ਕੇਸ ਡਾਇਰੀ ਨੂੰ ਸੀਬੀਆਈ ਅਦਾਲਤ ਦੇ ਸਾਹਮਣੇ ਰੱਖੇ। ਉਨ੍ਹਾਂ ਨੇ ਕਿਹਾ ਕਿ ਵਿਜੇ ਨਾਇਰ ਨੂੰ ਧੱਕੇ ਨਾਲ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੈ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ 2021-22 ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਨੀਤੀ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਮਾਮਲੇ ਦੇ ਸਿਲਸਿਲੇ 'ਚ ਪਿਛਲੇ ਮਹੀਨੇ ਅਗਸਤ 'ਚ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਿੱਲੀ ਸਥਿਤ ਘਰ ਤੇ ਕਈ ਸੂਬਿਆਂ 'ਚ 20 ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਵੀ ਪੜ੍ਹੋ : ਕੈਲੇਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਮੁੱਖ ਮੰਤਰੀ ਮਾਨ ਤੇ ਸੁਖਬੀਰ ਬਾਦਲ ਵੱਲੋਂ ਦੁੱਖ ਜ਼ਾਹਿਰ ਮਨੀਸ਼ ਸਿਸੋਦੀਆ ਦੇ ਘਰ 'ਤੇ ਛਾਪੇਮਾਰੀ ਮਗਰੋਂ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਸਿਆਸੀ ਬਦਨਾਮੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਦੋਵੇਂ ਧਿਰਾਂ ਇੱਕ ਦੂਜੇ 'ਤੇ ਹਮਲਾਵਰ ਬਣ ਗਈਆਂ। ਮਨੀਸ਼ ਸਿਸੋਦੀਆ ਨੇ ਭਾਜਪਾ 'ਤੇ ਵੀ ਦੋਸ਼ ਲਗਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਜੇਕਰ ਤੁਸੀਂ ਭਾਜਪਾ ਛੱਡ ਕੇ ਭਾਜਪਾ 'ਚ ਸ਼ਾਮਲ ਹੋਵੋ ਤਾਂ ਸਾਰੇ ਮਾਮਲੇ ਬੰਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ 'ਆਪ' ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। -PTC News