ਅਦਾਲਤ ਨੇ ਕਥਿਤ ਮੁੱਖ ਦੋਸ਼ੀ ਨੂੰ 4 ਦਿਨਾਂ ਦੀ ਰਿਮਾਂਡ 'ਤੇ ਭੇਜਿਆ, ਡਰੱਗ ਓਵਰਡੋਜ਼ ਨਾਲ ਹੋਈ ਸੀ ਮੌਤ
ਬਠਿੰਡਾ, 29 ਜੁਲਾਈ: ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਵਿੱਚ ਨਾਮਜ਼ਦ ਕਥਿਤ ਮੁੱਖ ਦੋਸ਼ੀ ਖੁਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸਤੋਂ ਬਾਅਦ ਪੁਲਿਸ ਨੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਤੇ 1 ਅਗਸਤ ਤੱਕ ਉਸ ਦੀ ਪੁਲਿਸ ਰਿਮਾਡ ਹਾਸਿਲ ਕਰਨ ਵਿਚ ਕਾਮਯਾਬ ਰਹੀ। ਜਾਂਚ ਅਧਿਕਾਰੀਆਂ ਦਾ ਕਹਿਣਾ ਕਿ ਰਿਮਾਂਡ ਦੋਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ‘ਚਿੱਟੇ’ ਦੀ ਭੇਂਟ ਚੜੇ ਤਲਵੰਡੀ ਸਾਬੋ ਦੇ ਕੌਮੀ ਪੱਧਰ ਦੇ ਮੁੱਕੇਬਾਜ਼ ਕੁਲਦੀਪ ਸਿੰਘ ਦੇ ਪਿਤਾ ਦੇ ਬਿਆਨਾਂ ਤੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮੁੱਕੇਬਾਜ਼ ਦੇ ਪਰਿਵਾਰ ਦਾ ਦੋਸ਼ ਹੈ ਕਿ ਬੁੱਧਵਾਰ ਦੁਪਹਿਰ ਪਿੰਡ ਦੇ ਕੁਝ ਨੌਜਵਾਨ ਕੁਲਦੀਪ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ। ਬਾਅਦ 'ਚ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਕੁਲਦੀਪ ਦੇ ਸੜਕ 'ਤੇ ਬੇਹੋਸ਼ ਪਏ ਹੋਣ ਦੀ ਸੂਚਨਾ ਮਿਲੀ। ਕੁਲਦੀਪ ਦੇ ਵੱਡੇ ਭਰਾ ਮੇਲਾ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, "ਸਾਡਾ ਮੁੱਕੇਬਾਜ਼ ਪੁੱਤਰ ਸਾਨੂੰ ਛੱਡ ਕੇ ਚਲਾ ਗਿਆ ਹੈ। ਉਸ ਨੇ ਅਗਲੇ ਮਹੀਨੇ ਇਕ ਮੁਕਾਬਲੇ ਵਿਚ ਹਿੱਸਾ ਲੈਣਾ ਸੀ।" ਉਨ੍ਹਾਂ ਅੱਗੇ ਦੱਸਿਆ, "ਕਾਲਜ ਖ਼ਤਮ ਹੋਣ ਤੋਂ ਬਾਅਦ ਕੁਝ ਸਥਾਨਕ ਨੌਜਵਾਨ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ। ਸਾਨੂੰ ਬਾਅਦ ਵਿੱਚ ਸੂਚਿਤ ਕੀਤਾ ਗਿਆ ਕਿ ਉਹ ਬੇਹੋਸ਼ ਮਿਲਿਆ ਸੀ। ਬਾਅਦ ਵਿਚ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਸ ਨੂੰ ਸਥਾਨਕ ਨੌਜਵਾਨਾਂ ਵੱਲੋਂ ਟੀਕੇ ਲਾਏ ਗਏ ਸਨ। ਸਾਨੂੰ ਆਸ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਕੁਝ ਸਾਫ਼ ਹੋ ਜਾਵੇਗਾ।” ਸਹਾਇਕ ਸਬ-ਇੰਸਪੈਕਟਰ ਆਫ਼ ਪੁਲਿਸ (ਏਐਸਆਈ) ਧਰਮਵੀਰ ਸਿੰਘ ਨੇ 'ਦਿ ਇੰਡੀਅਨ ਐਕਸਪ੍ਰੈਸ' ਨੂੰ ਦੱਸਿਆ ਕਿ, "ਅਸੀਂ ਆਈਪੀਸੀ ਦੀ ਧਾਰਾ 304 ਅਤੇ 135 ਦੇ ਤਹਿਤ 6 ਨੌਜਵਾਨਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਕਥਿਤ ਤੌਰ 'ਤੇ ਇਨ੍ਹਾਂ ਨੌਜਵਾਨਾਂ ਨੇ ਹੀ ਕੁਲਦੀਪ ਸਿੰਘ ਨੂੰ ਨਸ਼ੇ ਲਈ ਮਜਬੂਰ ਕੀਤਾ ਸੀ।ਕੁਲਦੀਪ ਚਾਰ ਭੈਣ-ਭਰਾਵਾਂ 'ਚੋਂ ਤੀਜਾ ਸੀ। ਉਸ ਨੇ ਰਾਸ਼ਟਰੀ ਪੱਧਰ 'ਤੇ 5 ਤਗਮੇ ਜਿੱਤੇ ਸਨ। ਇਸ ਵਿੱਚ ਦੋ ਗੋਲਡ ਮੈਡਲ ਸਨ।" ਇਹ ਵੀ ਪੜ੍ਹੋ: ਨਸ਼ਾ ਤਸਕਰ ਨੂੰ ਬਚਾਉਣ ਲਈ 10 ਲੱਖ ਦੀ ਰਿਸ਼ਵਤ; ਦੋਸ਼ੀ ਐਸਐਚਓ ਪੁਲਿਸ ਗ੍ਰਿਫਤ 'ਚ -PTC News