ਲੁਧਿਆਣਾ 'ਚ ਕੋਰੋਨਾ ਪੀੜਤ ਜ਼ਿਲ੍ਹਾ ਮੰਡੀ ਅਫ਼ਸਰ ਦੀ ਬੇਟੀ ਵੀ ਹੁਣ ਨਿਕਲੀ ਕੋਰੋਨਾ ਪਾਜ਼ੀਟਿਵ
ਲੁਧਿਆਣਾ 'ਚ ਕੋਰੋਨਾ ਪੀੜਤ ਜ਼ਿਲ੍ਹਾ ਮੰਡੀ ਅਫ਼ਸਰ ਦੀ ਬੇਟੀ ਵੀ ਹੁਣ ਨਿਕਲੀ ਕੋਰੋਨਾ ਪਾਜ਼ੀਟਿਵ:ਲੁਧਿਆਣਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਹਾਨਗਰ ਵਿਚ 6 ਦਿਨਾਂ ਬਾਅਦ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਲੁਧਿਆਣਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਅੰਕੜਾ 17 ਤੱਕ ਪਹੁੰਚ ਗਿਆ ਹੈ। ਲੁਧਿਆਣਾ 'ਚ ਬੀਤੇ ਦਿਨੀਂ ਜ਼ਿਲ੍ਹਾ ਮੰਡੀ ਅਫ਼ਸਰ ( DMO) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ,ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਬੇਟੀ ਜਿਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਹੈ, ਉਸ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡੀ.ਐਮ.ਓ. ਦੀ ਬੇਟੀ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਐਮ.ਓ. ਦੀ ਬੇਟੀ ਬੀਤੇ ਕਈ ਦਿਨਾਂ ਤੋਂ ਘਰ 'ਚ ਹੀ ਮੌਜੂਦ ਸੀ ਅਤੇ ਕਿਸੇ ਹੋਰ ਵਿਅਕਤੀ ਦੇ ਸੰਪਰਕ 'ਚ ਨਹੀਂ ਆਈ ਸੀ। ਦੱਸਣਯੋਗ ਹੈ ਕਿ 17 ਅਪ੍ਰੈਲ ਨੂੰ ਡੀਐਮਓ ਪਾਜ਼ੀਟਿਵ ਆਈ ਸੀ। ਡੀਐਮਓ ਏਸੀਪੀ ਅਨਿਲ ਕੋਹਲੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੀ ਪਾਜ਼ੀਟਿਵ ਆਈ ਸੀ।ਇਸ ਨਵੇਂ ਕੇਸ ਦੇ ਨਾਲ ਹੀ ਲੁਧਿਆਣਾ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 17 'ਤੇ ਪਹੁੰਚ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 289 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 63, ਜਲੰਧਰ – 63, ਪਟਿਆਲਾ – 49, ਪਠਾਨਕੋਟ – 24 , ਨਵਾਂਸ਼ਹਿਰ – 19 , ਲੁਧਿਆਣਾ – 17, ਅੰਮ੍ਰਿਤਸਰ – 13 , ਮਾਨਸਾ – 11, ਹੁਸ਼ਿਆਰਪੁਰ – 7 , ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 17 ਮੌਤਾਂ ਹੋ ਚੁੱਕੀਆਂ ਹਨ ਅਤੇ 66 ਮਰੀਜ਼ ਠੀਕ ਹੋ ਚੁੱਕੇ ਹਨ। -PTCNews