ਸ਼ਾਹੀ ਸ਼ਹਿਰ 'ਚ ਕੋਰੋਨਾ ਨੇ ਫੜੀ ਰਫ਼ਤਾਰ, ਵਿਧਾਇਕ ਡਾ. ਬਲਬੀਰ ਸਣੇ 20 ਪਾਜ਼ੇਟਿਵ ਮਰੀਜ਼ ਆਏ
ਪਟਿਆਲਾ : ਪਟਿਆਲਾ ਵਿੱਚ ਕੋਰੋਨਾ ਵਾਇਰਸ ਨੇ ਰਫਤਾਰ ਫੜ ਲਈ ਹੈ। ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਇਕ ਦਿਨ ਵਿੱਚ ਹੀ ਅੰਕੜਾ 10 ਤੋਂ 20 ਉਤੇ ਪੁੱਜ ਗਿਆ ਹੈ। ਪਟਿਆਲਾ ਜ਼ਿਲ੍ਹੇ ਵਿੱਚ ਕੋਰੋਨਾ ਦਾ ਕਹਿਰ ਵੱਧਣ ਲੱਗਾ ਹੈ। ਕੇਸਾਂ ਦੀ ਗਿਣਤੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਬੀਰ ਸਿੰਘ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਵਿੱਚ 19 ਹੋਰ ਲੋਕ ਕੋਵਿਡ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਕੋਵਿਡ ਪਾਜ਼ੇਟਿਵ ਸਬੰਧੀ ਜਾਣਕਾਰੀ ਵਿਧਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਖੁਦ ਦਿੱਤੀ ਗਈ ਹੈ। ਡਾ. ਬਲਬੀਰ ਸਿੰਘ ਅਨੁਸਾਰ ਬੀਤੇ ਦਿਨ ਤੋਂ ਉਨਾਂ ਦੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਸੀ ਜਿਸ ਕਰ ਕੇ ਕੋਵਿਡ ਟੈਸਟ ਕਰਵਾਇਆ ਗਿਆ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਣਾ ਬਣਦਾ ਹੈ ਕਿ ਬੀਤੇ ਦਿਨ ਡਾ. ਬਲਬੀਰ ਸੰਗਰੂਰ ਵਿਖੇ ਹੋਈ ਰੈਲੀ ਵਿਚ ਹਿੱਸਾ ਲੈਣ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਵੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਹੋਰ ਵਿਧਾਇਕ ਤੇ ਪਾਰਟੀ ਆਗੂਆਂ ਨਾਲ ਵੀ ਮਿਲਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 12,249 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੱਲ੍ਹ ਨਾਲੋਂ 23.4 ਫੀਸਦੀ ਵੱਧ ਹੈ। ਕੱਲ੍ਹ ਕੁੱਲ 9,923 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ ਵਿੱਚ ਕੋਵਿਡ ਸੰਕਰਮਿਤਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 4 ਕਰੋੜ, 33 ਲੱਖ, 31 ਹਜ਼ਾਰ 645 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ ਕਾਰਨ ਕੁੱਲ 13 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਕੋਵਿਡ ਕਾਰਨ ਹੁਣ ਤੱਕ ਕੁੱਲ 5 ਲੱਖ 24 ਹਜ਼ਾਰ 903 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਭਰ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 81 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਸਮੇਂ ਦੇਸ਼ ਭਰ ਵਿੱਚ 81,687 ਐਕਟਿਵ ਕੇਸ ਦਰਜ ਕੀਤੇ ਗਏ ਹਨ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 0.19 ਫੀਸਦੀ ਹੋ ਗਏ ਹਨ। ਇਸ ਸਮੇਂ ਦੇਸ਼ ਵਿੱਚ ਰਿਕਵਰੀ ਦਰ 98.60 ਫੀਸਦੀ ਦਰਜ ਕੀਤੀ ਗਈ ਹੈ। ਇਹ ਵੀ ਪੜ੍ਹੋ : 'ਆਪ' ਵਿਧਾਇਕ ਨੇ ਰਿਸ਼ਵਤ ਲੈਂਦਾ ਕਾਨੂੰਗੋ ਫੜ ਕੇ ਪੁਲਿਸ ਹਵਾਲੇ ਕੀਤਾ