ਟ੍ਰੇਨਿੰਗ ਲੈ ਰਹੇ ਕੋਰੋਨਾ ਵਲੰਟੀਅਰ 'ਤੇ ਹਸਪਤਾਲ 'ਚ ਹੋਇਆ ਕਾਤਲਾਨਾ ਹਮਲਾ, ਘਟਨਾ CCTV 'ਚ ਕੈਦ
ਮਾਹਿਲਪੁਰ -ਸ਼ਹਿਰ ਦੇ ਵਿਚਕਾਰ ਸਥਿਤ ਸਿਵਲ ਹਸਪਤਾਲ ਮਾਹਿਲਪੁਰ ਵਿਚ ਬੀਤੀ ਦੁਪਹਿਰ ਉਸ ਵੇਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਾਹਰੋਂ ਆਏ ਕੁੱਝ ਨੌਜਵਾਨਾਂ ਨੇ ਹਸਪਤਾਲ ਦੇ ਅੰਦਰ ਦਾਖ਼ਲ ਹੋ ਕੇ ਕੋਰੋਨਾ ਵਲੰਟੀਅਰ ਵਜੋਂ ਟ੍ਰੇਨਿੰਗ ਲੈ ਰਹੇ ਇੱਕ ਨੌਜਵਾਨ ਨੂੰ ਕਮਰੇ ਤੋਂ ਬਾਹਰ ਬੁਲਾ ਕੇ ਉਸ ਦੀ ਬੁਰੀ ਤਰਾਂ ਨਾਲ ਕੁੱਟਮਾਰ ਕਰ ਦਿੱਤੀ। ਇਸ ਹਮਲੇ ਕਰਕੇ ਉਸ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਉਸ ਦੇ ਸਿਰ ਵਿਚ ਟਾਂਕੇ ਲੱਗੇ ਹਨ। ਲੋਕਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਫ਼ਰਾਰ ਹੋ ਗਏ। ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ 'ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਅਮਨਦੀਪ ਸਿੰਘ ਬੰਗਾਂ ਪੁੱਤਰ ਸੀਤਲ ਰਾਮ ਅਤੇ ਉਸ ਦੀ ਮਾਤਾ ਸਰੋਜ ਰਾਣੀ ਵਾਸੀ ਢਾਡਾ ਖ਼ੁਰਦ ਅਤੇ ਮਹਿਲਾ ਵਲੰਟੀਅਰ ਨਰਸਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੇ ਕੱਲ ਉਹ ਇੱਕ ਵਜੇ ਦੇ ਕਰੀਬ ਹਸਪਤਾਲ ਦੇ ਕਮਰਾ ਨੰਬਰ 13 ਵਿਚ ਦੁਪਹਿਰ ਦਾ ਖ਼ਾਣਾ ਖ਼ਾ ਰਿਹਾ ਸੀ ਤਾਂ ਇੱਕ ਮਾਹਿਲਪੁਰ ਦੇ ਨੌਜਵਾਨ ਨੇ ਉਸ ਨੂੰ ਬਾਹਰ ਬੁਲਾ ਲਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬਾਹਰ ਆ ਕੇ ਗੱਲ ਪੁੱਛੀ ਤਾਂ ਉਹ ਅਤੇ ਉਸ ਦੇ ਨਾਲ ਅਣਪਛਾਤੇ ਸਾਥੀ ਉਸ ਨੂੰ ਜਬਰਦਸਤੀ ਬਾਹਰ ਘੜੀਸਣ ਲੱਗ ਪਏ ਅਤੇ ਜਦੋਂ ਉਸ ਨੇ ਇੰਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਸਿਰ ਹਸਪਤਾਲ ਵਿਚ ਲੱਗੇ ਅੱਗ ਬੁਝਾਊ ਯੰਤਰ ਵਿਚ ਮਾਰਿਆ ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ। ਇਹ ਵੀ ਪੜ੍ਹੋ : ਕੋਰੋਨਾ ਪੌਜ਼ਟਿਵ ਆਏ ਸਿਮਰਨਜੀਤ ਮਾਨ ਨੂੰ ਪਟਿਆਲਾ ਕੀਤਾ ਰੈਫਰ ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਫ਼ਿਰ ਵੀ ਉਸ ਦੀ ਕੁੱਟਮਾਰ ਕਰਨੀ ਨਾ ਛੱਡੀ। ਆਸ ਪਾਸ ਬੈਠੇ ਮਰੀਜਾਂ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਨੇ ਰੌਲਾ ਪਾਇਆ ਤਾਂ ਹਮਲਾਵਰ ਫ਼ਰਾਰ ਹੋ ਗਏ। ਹਸਪਤਾਲ ਪ੍ਰਬੰਧਕਾਂ ਨੇ ਤੁੰਰਤ ਉਸ ਨੂੰ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਦੇ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਕੀਤੀ ਹੈ। ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ 'ਚ ਕੈਦ ਹੋ ਗਈ। ਹਸਪਤਾਲ ਦੇ ਮੁੱਖ਼ ਡਾਕਟਰ ਜਸਵੰਤ ਸਿੰਘ ਥਿੰਦ ਨੇ ਤੁੰਰਤ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਅਤੇ ਹਸਪਤਾਲ ਅੰਦਰ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਹਾਲਤਾਂ ਵਿਚ ਹਸਪਤਾਲ ਅੰਦਰ ਡਿਊਟੀ ਦੇਣਾ ਔਖ਼ਾ ਹੈ। ਉਨ੍ਹਾਂ ਪੁਲਸ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । -PTC News