ਕੋਰੋਨਾ ਨੇ ਫਿਰ ਫੜੀ ਰਫ਼ਤਾਰ: 24 ਘੰਟਿਆਂ 'ਚ 8,329 ਨਵੇਂ ਮਾਮਲੇ ਆਏ ਸਾਹਮਣੇ
Coronavirus in Punjab Updates: ਦੇਸ਼ 'ਚ ਕੋਰੋਨਾ ਮਹਾਮਾਰੀ ਨੇ ਫਿਰ ਜ਼ੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 8,329 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਸ਼ੁੱਕਰਵਾਰ ਦੇ ਮੁਕਾਬਲੇ 9.8% ਵੱਧ ਹਨ। ਜਾਣਕਾਰੀ ਅਨੁਸਾਰ ਪੰਜ ਸੂਬਿਆਂ ਤੋਂ 84.08% ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਇਕੱਲੇ ਮਹਾਰਾਸ਼ਟਰ ਵਿੱਚ 36.99% ਹੈ। ਮਹਾਰਾਸ਼ਟਰ ਵਿੱਚ 3,081 ਮਾਮਲੇ ਦਰਜ ਕੀਤੇ ਗਏ ਹਨ।
ਮਹਾਰਾਸ਼ਟਰ ਤੋਂ ਇਲਾਵਾ ਕੇਰਲ 'ਚ 2,415, ਦਿੱਲੀ 'ਚ 655, ਕਰਨਾਟਕ 'ਚ 525 ਅਤੇ ਹਰਿਆਣਾ 'ਚ 327 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 24 ਘੰਟਿਆਂ 'ਚ ਕੋਰੋਨਾ ਕਾਰਨ 10 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,24,757 ਹੋ ਗਈ ਹੈ। ਭਾਰਤ ਦੀ ਰਿਕਵਰੀ ਰੇਟ ਹੁਣ 98.69% ਹੈ।
7 ਜੂਨ ਨੂੰ ਮਹਾਰਾਸ਼ਟਰ ਵਿੱਚ ਇੱਕ ਔਰਤ ਵਿੱਚ BA.5 ਵੇਰੀਐਂਟ ਵੀ ਪਾਇਆ ਗਿਆ ਸੀ। ਚਿੰਤਾ ਦੀ ਗੱਲ ਹੈ ਕਿ ਸੂਬੇ ਵਿੱਚ ਬੀ.ਏ.5 ਵੇਰੀਐਂਟ ਦੇ ਮਰੀਜ਼ ਆਉਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ, 28 ਮਈ ਨੂੰ, ਮਹਾਰਾਸ਼ਟਰ ਵਿੱਚ ਬੀਏ.4 ਦੇ ਚਾਰ ਅਤੇ ਬੀਏ.5 ਦੇ ਤਿੰਨ ਮਰੀਜ਼ ਸਾਹਮਣੇ ਆਏ ਸਨ। Omicron ਦੇ ਸਬ-ਵੇਰੀਐਂਟਸ BA.4 ਅਤੇ BA.5 ਨੂੰ ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਨੈਸ਼ਨਲ ਹੈਰਾਲਡ ਮਾਮਲਾ: ED ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਜੂਨ ਨੂੰ ਸੰਮਨ ਕੀਤਾ ਜਾਰੀ
ਪੰਜਾਬ 'ਚ 24 ਘੰਟਿਆਂ 'ਚ 55 ਨਵੇਂ ਮਰੀਜ਼ ਮਿਲੇ ਹਨ ਜਿਸ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 194 ਹੋ ਗਈ ਹੈ। ਇਨ੍ਹਾਂ 'ਚੋਂ 6 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। 3 ਮਰੀਜ਼ਾਂ ਨੂੰ ਗੰਭੀਰ ਦੇਖਭਾਲ ਯਾਨੀ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ। ਸ਼ੁੱਕਰਵਾਰ ਨੂੰ, ਰਾਜ ਵਿੱਚ 9,717 ਨਮੂਨੇ ਲਏ ਗਏ ਸਨ ਜਦੋਂ ਕਿ 9,599 ਦੀ ਜਾਂਚ ਕੀਤੀ ਗਈ ਸੀ।
ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਦੇ ਸਾਹਮਣੇ ਢੇਰ ਹੁੰਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ ਇੱਥੇ ਸਭ ਤੋਂ ਵੱਧ 22 ਮਰੀਜ਼ ਪਾਏ ਗਏ ਹਨ। ਪਿਛਲੇ ਢਾਈ ਮਹੀਨਿਆਂ ਵਿੱਚ ਇੱਥੇ ਸਭ ਤੋਂ ਵੱਧ 437 ਮਰੀਜ਼ ਸਾਹਮਣੇ ਆਏ ਹਨ। ਮੋਹਾਲੀ ਤੋਂ ਬਾਅਦ ਲੁਧਿਆਣਾ 'ਚ 9, ਪਟਿਆਲਾ 'ਚ 7, ਅੰਮ੍ਰਿਤਸਰ 'ਚ 4 ਅਤੇ ਜਲੰਧਰ 'ਚ 2 ਮਰੀਜ਼ ਸਾਹਮਣੇ ਆਏ ਹਨ।
-PTC News