ਪੰਜਾਬ 'ਚ ਕਰੋਨਾ ਦਾ ਕਹਿਰ; ਕਈ ਮੰਤਰੀਆਂ ਸਣੇ ਡੀ.ਸੀ ਪਟਿਆਲਾ ਵੀ ਕਰੋਨਾ ਦੀ ਲਪੇਟ 'ਚ
ਚੰਡੀਗੜ੍ਹ, 1 ਅਗਸਤ: ਪੰਜਾਬ ਵਿੱਚ ਐਤਵਾਰ ਨੂੰ 24 ਘੰਟਿਆਂ ਦੌਰਾਨ ਦੋ ਸੰਕਰਮਿਤ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 462 ਲੋਕਾਂ ਵਿੱਚ ਕਰੋਨਾ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸੰਕਰਮਣ ਦਰ ਰਿਕਾਰਡ 4 ਫੀਸਦੀ ਤੱਕ ਵਧ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ 1-1 ਕਰੋਨਾ ਸੰਕਰਮਿਤ ਦੀ ਮੌਤ ਹੋਈ ਹੈ। ਸੂਬੇ 'ਚ ਕਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਹੀ ਵਿੱਚ ਪੰਜਾਬ ਮੰਤਰੀ ਮੰਡਲ ਦੇ ਵੱਡੇ ਆਗੂ ਹਰਜੋਤ ਸਿੰਘ ਬੈਂਸ, ਅਨਮੋਲ ਗਗਨ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੀ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਦੇ ਨਾਲ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਵੀ ਕਰੋਨਾ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਅਲਗ-ਥਲਗ ਕਰ ਲਿਆ ਹੈ ਅਤੇ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ 'ਚ 74, ਮੋਹਾਲੀ 'ਚ 62, ਰੋਪੜ 'ਚ 26, ਫਾਜ਼ਿਲਕਾ 'ਚ 25, ਬਠਿੰਡਾ 'ਚ 21, ਫਤਿਹਗੜ੍ਹ ਸਾਹਿਬ 'ਚ 15, ਲੁਧਿਆਣਾ 'ਚ 45, ਪਟਿਆਲਾ 'ਚ 38, ਕਪੂਰਥਲਾ 'ਚ 33, ਐੱਸ.ਬੀ.ਐੱਸ.ਨਗਰ 'ਚ 13, ਫਰੀਦਕੋਟ ਵਿੱਚ 6, ਮੋਗਾ ਵਿੱਚ 5, ਫਿਰੋਜ਼ਪੁਰ ਵਿੱਚ 5, ਪਠਾਨਕੋਟ ਵਿੱਚ 4, ਮਾਨਸਾ ਵਿੱਚ 3, ਤਰਨਤਾਰਨ ਵਿੱਚ 3, ਅੰਮ੍ਰਿਤਸਰ ਵਿੱਚ 33, ਹੁਸ਼ਿਆਰਪੁਰ ਵਿੱਚ 33, ਗੁਰਦਾਸਪੁਰ ਵਿੱਚ 16 ਅਤੇ ਬਰਨਾਲਾ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਦਿੱਲੀ ਸਿਹਤ ਵਿਭਾਗ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਐਤਵਾਰ ਨੂੰ 2 ਮੌਤਾਂ ਦੇ ਨਾਲ ਕੋਵਿਡ19 ਦੇ 433 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਨੀਚਰਵਾਰ ਨੂੰ 3.37 ਪ੍ਰਤੀਸ਼ਤ ਦੇ ਮੁਕਾਬਲੇ ਐਤਵਾਰ ਨੂੰ ਸਕਾਰਾਤਮਕਤਾ ਦਰ ਘਟ ਕੇ 2.96 ਪ੍ਰਤੀਸ਼ਤ ਹੋ ਗਈ, ਕੁੱਲ 549 ਰਿਕਵਰੀ ਰਿਪੋਰਟ ਕੀਤੀ ਗਈ ਹੈ। -PTC News