ਕੋਰੋਨਾ ਮਹਾਂਮਾਰੀ, ਡੇਂਗੂ ਤੋਂ ਬਾਅਦ ਸਵਾਈਨ ਫਲੂ ਨੇ ਦਿੱਤੀ ਦਸਤਕ, ਇਕ ਦੀ ਮੌਤ
ਬਰਨਾਲਾ: ਕੋਰੋਨਾ, ਡੇਂਗੂ ਤੋਂ ਬਾਅਦ ਹੁਣ ਸਵਾਈਨ ਫਲੂ ਦੀ ਭਿਆਨਕ ਬਿਮਾਰੀ ਨੇ ਪੰਜਾਬ ਅੰਦਰ ਦਸਤਕ ਦਿੱਤੀ ਹੈ। ਗਿੱਧੇ ਚਲਦਿਆਂ ਤਪਾ ਮੰਡੀ ਦੇ ਨੇੜਲੇ ਪਿੰਡ ਮੌੜ ਪਟਿਆਲਾ ਦੇ ਦੇ ਬੇਰੁਜ਼ਗਾਰ ਪੀ.ਟੀ.ਆਈ ਅਤੇ ਈ.ਜੀ.ਐਸ ਅਧਿਆਪਕ ਗੁਰਸੇਵਕ ਸਿੰਘ ਪੁੱਤਰ ਨਛੱਤਰ ਸਿੰਘ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਇਸ ਮਾਮਲੇ ਸਬੰਧੀ ਮ੍ਰਿਤਕ ਅਧਿਆਪਕ ਗੁਰਸੇਵਕ ਸਿੰਘ ਦੇ ਭਰਾ ਗੁਰਪ੍ਰੇਮ ਸਿੰਘ,ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਚੋਅਕੇ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਸੇਵਕ ਸਿੰਘ ਪਿਛਲੇ ਕਈ ਸਾਲਾਂ ਤੋਂ ਸਕੂਲ ਵਿੱਚ ਪੜ੍ਹਾਈ ਕਰਾ ਰਿਹਾ ਸੀ ਜਿਸ ਦੀ ਤਪਾ ਮੰਡੀ ਦੇ ਪੇਂਟਰ ਦਰਾਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਡਿਊਟੀ ਸੀ। ਉਨ੍ਹਾਂ ਇਸ ਬਿਮਾਰੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਦੇ ਚੱਲਦਿਆਂ ਗੁਰਸੇਵਕ ਸਿੰਘ ਦੂਜੇ ਅਧਿਆਪਕਾਂ ਸਾਥੀਆਂ ਨਾਲ 12.10.2021 ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਮੰਤਰੀ ਪ੍ਰਗਟ ਸਿੰਘ ਨਾਲ ਨੌਕਰੀ ਪੱਕੇ ਤੌਰ ਤੇ ਲੈਣ ਲਈ ਗਏ ਸਨ ਪਰ ਨੌਕਰੀ ਤਾਂ ਨਹੀਂ ਮਿਲੀ ਉਨ੍ਹਾਂ ਨੂੰ ਇਹ ਭਿਆਨਕ ਬਿਮਾਰੀ ਉੱਥੋਂ ਹੀ ਮਿਲ ਗਈ। ਚੰਡੀਗੜ੍ਹ ਤੋਂ ਵਾਪਸ ਆਉਣ ਤੋਂ ਬਾਅਦ ਹੀ ਗੁਰਸੇਵਕ ਸਿੰਘ ਬੀਮਾਰ ਹੋ ਗਿਆ ਜਿਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਿੰਡ ਵਾਸੀਆਂ,ਪਰਿਵਾਰਕ ਮੈਂਬਰਾਂ, ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਅਧਿਆਪਕ ਯੂਨੀਅਨ ਜਥੇਬੰਦੀਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਅਧਿਆਪਕ ਗੁਰਸੇਵਕ ਸਿੰਘ ਦੇ ਪਰਿਵਾਰ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ,ਆਰਥਿਕ ਮਦਦ ਤੋਂ ਇਲਾਵਾ ਬਣਦੀਆਂ ਸਰਕਾਰੀ ਸੇਵਾਵਾਂ ਦਿੱਤੀਆਂ ਜਾਣ,ਤਾਂ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਮ੍ਰਿਤਕ ਗੁਰਸੇਵਕ ਸਿੰਘ ਆਪਣੇ ਪਿੱਛੇ ਤਿੰਨ ਛੋਟੀਆਂ ਬੱਚੀਆਂ,ਆਪਣੀ ਪਤਨੀ,ਆਪਣੇ ਮਾਤਾ-ਪਿਤਾ ਛੱਡ ਗਿਆ। ਸਵਾਈਨ ਫਲੂ ਹੋਈ ਮੌਤ ਕਾਰਨ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ.ਸਬ ਡਿਵੀਜ਼ਨ ਤਪਾ ਦੇ ਸਰਕਾਰੀ ਹਸਪਤਾਲ ਦੀ ਡਾਕਟਰਾਂ ਦੀ ਟੀਮ ਵੱਲੋਂ ਪੀ.ਪੀ.ਈ ਕਿੱਟਾਂ ਰਾਹੀਂ ਮ੍ਰਿਤਕ ਅਧਿਆਪਕ ਗੁਰਸੇਵਕ ਸਿੰਘ ਦਾ ਅੰਤਿਮ ਸੰਸਕਾਰ ਸਸਕਾਰ ਕੀਤਾ ਗਿਆ। -PTC News