ਏਅਰਪੋਰਟ 'ਤੇ ਫਟਿਆ ਕੋਰੋਨਾ ਬਲਾਸਟ, 100 ਤੋਂ ਵੱਧ ਯਾਤਰੀ ਕੋਰੋਨਾ ਪੌਜ਼ਟਿਵ
ਅੰਮ੍ਰਿਤਸਰ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਕੋਰੋਨਾ ਦਾ ਹੈਰਾਨ ਕਰ ਦੇਣ ਵਾਲਾ ਆਂਕੜਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਟਲੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਨਿਊਸ ਹਵਾਈ ਕੰਪਨੀ ਦੀ ਉਡਾਣ ਨੰਬਰ 2248 ਰਾਹੀਂ ਆਏ 179 ਯਾਤਰੂਆਂ ਦੇ ਹੋਏ ਕੋਰੋਨਾ ਟੈਸਟਾਂ 'ਚੋਂ 100 ਤੋਂ ਵੱਧ ਯਾਤਰੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ।
100 ਤੋਂ ਵੱਧ ਯਾਤਰੀਆਂ ਦੇ ਕੋਰੋਨਾ ਪੌਜ਼ਟਿਵ ਆਉਣ ਤੋਂ ਬਾਅਦ ਹਾਹਾਕਾਰ ਮੱਚ ਗਈ ਹੈ। ਸਾਰੇ ਕੋਰੋਨਾ ਪੋਜ਼ਟਿਵ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਹੀ ਕੁਆਰੰਟੀ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਲਾਈਟ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾ ਸੰਕਰਮਿਤ ਪਾਏ ਗਏ ਹਨ। ਸਾਰੇ ਯਾਤਰੀ ਪੰਜਾਬ ਨਾਲ ਸਬੰਧਤ ਹਨ।
ਯਾਤਰੀਆਂ ਦਾ ਕਹਿਣਾ ਹੈ ਕਿ ਅਸੀਂ ਇਟਲੀ ਤੋਂ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਅਤੇ RTPCR ਦੀ 72 ਘੰਟਿਆਂ ਦੀ ਰਿਪੋਰਟ ਨੈਗੇਟਿਵ ਲੈ ਕੇ ਆਏ ਹਾਂ।
ਦੱਸ ਦੇਈਏ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 90 ਹਜ਼ਾਰ 928 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 325 ਲੋਕਾਂ ਦੀ ਮੌਤ ਹੋ ਗਈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਦੋ ਲੱਖ 85 ਹਜ਼ਾਰ 401 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 82 ਹਜ਼ਾਰ 876 ਹੋ ਗਈ ਹੈ।
-PTC News