ਅਜੀਤਵਾਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਵਿਵਾਦ ਭਖਿਆ
ਮੋਗਾ : ਟਰੱਕ ਯੂਨੀਅਨ ਮੋਗਾ ਦੀ ਪ੍ਰਧਾਨਗੀ ਦੇ ਵਿਵਾਦ ਤੋਂ ਬਾਅਦ ਹੁਣ ਅਜੀਤਵਾਲ ਟਰੱਕ ਯੂਨੀਅਨ ਪ੍ਰਧਾਨਗੀ ਦਾ ਵਿਵਾਦ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਅੱਜ ਟਰੱਕ ਯੂਨੀਅਨ ਅਜੀਤਵਾਲ ਵਿਖੇ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਟਰੱਕ ਆਪ੍ਰੇਟਰਾਂ ਦੀ ਵਿਸ਼ਾਲ ਇਕੱਤਰਤਾ ਹੋਈ। ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਗੈਰੀ ਵੱਲੋਂ ਟਰੱਕ ਆਪ੍ਰੇਟਰਾਂ ਤੇ ਪ੍ਰਧਾਨ ਨੂੰ ਧਮਕੀਆਂ ਦੇ ਕੇ ਪ੍ਰਧਾਨਗੀ ਛੱਡਣ ਲਈ ਦਾ ਦਬਾਅ ਬਣਾਉਣ ਉਤੇ ਟਰੱਕ ਆਪ੍ਰੇਟਰਾਂ ਨੇ ਕਿਹਾ ਕਿ ਉਹ ਟਰੱਕ ਯੂਨੀਅਨ ਅਜੀਤਵਾਲ ਵਿੱਚ ਕਿਸੇ ਵੀ ਵਿਅਕਤੀ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਨੂੰ ਪੱਤਰ ਵੀ ਲਿਖਿਆ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ਆਮ ਆਦਮੀ ਪਾਰਟੀ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਆਮ ਆਦਮੀ ਪਾਰਟੀ ਦਾ ਇਹ ਬਦਲਾਅ ਹੈ, ਕੀ ਇਹ ਰਣਨੀਤੀ ਹੈ ਕਿ ਉਨ੍ਹਾਂ ਦੇ ਆਮ ਆਗੂ ਉੱਠ ਕੇ ਹੁਣ ਟਰੱਕ ਯੂਨੀਅਨ ਦੀਆਂ ਪ੍ਰਧਾਨਗੀਆਂ ਵਿੱਚ ਦਖਲਅੰਦਾਜ਼ੀ ਕਰਨ। ਕੀ ਤੁਹਾਡੇ ਆਗੂ ਵੀ ਪਹਿਲੀਆਂ ਸਿਆਸੀ ਪਾਰਟੀਆਂ ਵਾਲੀ ਨੀਤੀ ਉਤੇ ਉਤਰ ਆਏ ਹਨ। ਇਸ ਮੌਕੇ ਟਰੱਕ ਆਪ੍ਰੇਟਰਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਦਲਵੀਰ ਸਿੰਘ ਗੋਲਡੀ ਜੋ ਡੇਢ ਸਾਲ ਤੋਂ ਪ੍ਰਧਾਨਗੀ ਕਰ ਰਹੇ ਹਨ ਉਨ੍ਹਾਂ ਵੱਲੋਂ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਸਾਡਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਹੀ ਰਹੇਗਾ ਤੇ ਹੋਰ ਕਿਸੇ ਨੂੰ ਵੀ ਅਸੀਂ ਪ੍ਰਧਾਨ ਨਹੀਂ ਬਣਨ ਦੇਵਾਂਗੇ। ਇੱਥੇ ਬੱਸ ਤੇ ਟਰੱਕ ਆਪ੍ਰੇਟਰਾਂ ਤੇ ਮੌਜੂਦਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਪਾਰਟੀ ਹਾਈ ਕਮਾਂਡ ਆਮ ਆਦਮੀ ਪਾਰਟੀ ਦੇ ਅਜਿਹੇ ਆਗੂਆਂ ਦੀ ਬੈਕਗਰਾਊਂਡ ਜ਼ਰੂਰ ਚੈੱਕ ਕਰੇ। ਉਧਰ ਦੂਸਰੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੈਰੀ ਸਰਪੰਚ ਢੁੱਡੀਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦੀ ਲੜਾਈ ਟਰੱਕ ਆਪ੍ਰੇਟਰਾਂ ਨੂੰ ਉਨ੍ਹਾਂ ਦੀ ਬਣਦੀ ਮਿਹਨਤ ਮਿਲੇ ਤੇ ਟਰੱਕ ਆਪ੍ਰੇਟਰ ਖ਼ੁਦ ਆਪਣਾ ਪ੍ਰਧਾਨ ਚੁਣਨ ਪਰ ਅਜੇ ਪਾਰਟੀ ਵੱਲੋਂ ਅਜੇ ਕੋਈ ਫਰਮਾਨ ਨਹੀਂ ਆਇਆ ਜੋ ਉਸ ਉਤੇ ਧਮਕੀਆਂ ਦੇ ਦੋਸ਼ ਲਗਾਏ ਜਾ ਰਹੇ ਹਨ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ।ਉਧਰ ਦੂਸਰੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਦੀਪ ਸਿੰਘ ਗੈਰੀ ਸਰਪੰਚ ਢੁੱਡੀਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਵਿਚ ਪ੍ਰਧਾਨ ਬਣਨ ਦੀ ਕੋਈ ਇੱਛਾ ਨਹੀਂ ਤੇ ਨਾ ਹੀ ਪਾਰਟੀ ਵੱਲੋਂ ਅਜੇ ਕੋਈ ਸੰਦੇਸ਼ ਆਇਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਲੜਾਈ ਤਾਂ ਇਹ ਹੈ ਕਿ ਟਰੱਕ ਯੂਨੀਅਨ ਦੇ ਆਪ੍ਰੇਟਰ ਆਪਣਾ ਹੀ ਪ੍ਰਧਾਨ ਚੁਣਨ। ਬਾਕੀ ਜੋ ਧਮਕੀਆਂ ਦੇਣ ਦੀ ਗੱਲ ਪ੍ਰਧਾਨ ਸਾਹਿਬ ਕਹਿ ਰਹੇ ਹਨ ਉਹ ਬਹੁਤ ਗਲਤ ਹੈ। ਮੈਂ ਕਿਸੇ ਨੂੰ ਵੀ ਕੋਈ ਧਮਕੀ ਨਹੀਂ ਦਿੱਤੀ। ਜ਼ੁਬਾਨੀ ਕਲਾਮੀ ਕਹਿਣ ਨਾਲ ਕੁਝ ਨਹੀਂ ਹੁੰਦਾ। ਬਾਕੀ ਪ੍ਰਧਾਨ ਸਾਹਿਬ ਆਪਣੇ ਖ਼ੁਦ ਮੂੰਹੋਂ ਬੋਲ ਰਹੇ ਹਨ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਪ੍ਰਧਾਨਗੀ ਦੇ ਸਹਾਰੇ ਚੱਲਦੀ ਹੈ। ਮੇਰੀ ਇੱਕੋ ਇੱਕ ਲੜਾਈ ਹੋ ਕੇ ਟਰੱਕ ਆਪ੍ਰੇਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ ਅਤੇ ਆਪਣਾ ਪ੍ਰਧਾਨ ਉਹ ਆਪ ਖੁਦ ਚੁਣਨ। ਉਧਰ ਟਰੱਕ ਯੂਨੀਅਨ ਅਜੀਤਵਾਲ ਦੇ ਵਿਵਾਦ ਨੂੰ ਲੈ ਕੇ ਜਦੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਉਸ ਦੇ ਧਿਆਨ ਵਿੱਚ ਕੁੱਝ ਵੀ ਨਹੀਂ ਆਇਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੈਰੀ ਸਰਪੰਚ ਨੇ ਧਮਕੀਆਂ ਦਿੱਤੀਆਂ ਹਨ ਪਰ ਫਿਰ ਵੀ ਮੈਂ ਇਸ ਦਾ ਪਤਾ ਲਗਾ ਕੇ ਇਸ ਮਸਲੇ ਵੱਲ ਵਿਸ਼ੇਸ਼ ਧਿਆਨ ਦੇਵਾਂਗਾ। ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਪਰੰਪਰਾ ਭੰਗ ਕਰਨ ਦੀ ਅਫਵਾਹ ਨਾਲ ਸਥਿਤੀ ਤਣਾਅਪੂਰਨ ਹੋਈ