ਭਾਰਤ-ਪਾਕਿ ਸਰਹੱਦ 'ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ, ਪਿਸਤੌਲ ਤੇ ਕਾਰਤੂਸ ਸੁੱਟੇ
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਮਦਦ ਨਾਲ ਇਕ ਵਾਰ ਮੁੜ ਹੈਰੋਇਨ ਦੀ ਖੇਪ ਤੇ ਹਥਿਆਰ ਸੁੱਟੇ ਗਏ। ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ ਤਿੰਨ ਪੈਕਟ ਹੈਰੋਇਨ, ਇਕ ਪਿਸਤੌਲ ਤੇ ਅੱਠ ਕਾਰਤੂਸ ਵੀ ਬਰਾਮਦ ਹੋਏ ਹਨ। ਬੀਐਸਐਫ ਦੀ 22 ਬਟਾਲੀਅਨ ਦੇ ਬੀਓਪੀ ਪੁਲਮੋਰਾਂ 'ਚ ਰਾਤ ਕਰੀਬ 2:45 ਵਜੇ ਡਰੋਨ ਦੀ ਮਦਦ ਨਾਲ ਹੈਰੋਇਨ ਸੁੱਟੀ ਗਈ। ਜਾਣਕਾਰੀ ਮੁਤਾਬਕ ਹੈਰੋਇਨ ਸੁੱਟਣ ਮਗਰੋਂ ਡਰੋਨ ਪਾਕਿਸਤਾਨ ਵਾਪਸ ਜਾਣ ਵਿਚ ਸਫਲ ਹੋ ਗਿਆ। ਬੀਐੱਸਐੱਫ ਦੇ ਜਵਾਨਾਂ ਵੱਲੋਂ ਇਲਾਕੇ ਵਿਚ ਜੰਗੀ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ। ਕਾਬਿਲੇਗੌਰ ਹੈ ਕਿ ਬੀਐਸਐਫ ਦੇ ਜਵਾਨਾਂ ਨੂੰ ਪੁਲਮੋਰਾਂ ਤੋਂ ਸਰਚ ਮੁਹਿੰਮ ਦੌਰਾਨ ਇਕ ਪੈਕਟ ਮਿਲਿਆ। ਪੈਕੇਟ 'ਚੋਂ ਤਿੰਨ ਛੋਟੇ ਪੈਕਟ ਹੈਰੋਇਨ ਮਿਲੇ, ਜਿਸ ਦਾ ਭਾਰ ਕਰੀਬ 3 ਕਿਲੋ ਹੈ। ਇਸ ਦੀ ਕੀਮਤ ਲਗਭਗ 21 ਕਰੋੜ ਹੈ। ਖੇਪ ਦੇ ਨਾਲ ਇਕ ਪਿਸਤੌਲ ਤੇ 8 ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਮਗਰੋਂ ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਰਹੱਦ ਉਤੇ ਜੰਗੀ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੀਐਸਐਫ ਦੇ ਜਵਾਨ ਹਮੇਸ਼ਾ ਮੁਸਤੈਦ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤਸਕਰਾਂ ਨੂੰ ਜੰਮੂ-ਕਸ਼ਮੀਰ ਤੇ ਗੁਜਰਾਤ ਕੰਢਿਆਂ ਦਾ ਸਹਾਰੇ ਹੈਰੋਇਨ ਦੀ ਤਸਕਰੀ ਕਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਪੰਜਾਬ ਸਰਹੱਦ ਜ਼ਰੀਏ 7 ਵਾਰ ਪਾਕਿਸਤਾਨ ਸਮੱਗਲਰਾਂ ਨੇ ਡਰੋਨ ਰਾਹੀਂ ਭਾਰਤ 'ਚ ਹੈਰੋਇਨ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਵੀ BSF ਦੇ ਜਵਾਨਾਂ ਵੱਲੋਂ ਕਈ ਵਾਰ ਡਰੋਨ ਦੇਖਦਿਆਂ ਹੀ ਮੁਸਤੈਦੀ ਨਾਲ 80 ਤੋਂ 90 ਰਾਊਂਡ ਫਾਇਰ ਕੀਤੇ ਤੇ ਡਰੋਨ ਨੂੰ ਮੁੜ ਪਾਕਿਸਤਾਨ ਸਰਹੱਦ ਵੱਲ ਧੱਕ ਦਿੱਤਾ ਸੀ। -PTC News ਇਹ ਵੀ ਪੜ੍ਹੋ : ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇੱਕ ਜਥਾ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਾ