Punjab Assembly elections 2022: ਪੰਜਾਬ 'ਚ ਕਾਂਗਰਸ ਨਹੀਂ ਕਰੇਗੀ CM ਚਿਹਰੇ ਦਾ ਐਲਾਨ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਮਹਿਜ਼ ਕੁਝ ਮਹੀਨੇ ਰਹਿ ਗਏ ਹਨ, ਇਸ ਵਿਚਕਾਰ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰੇਗੀ ਅਤੇ ਸਮੂਹਿਕ ਅਗਵਾਈ ਵਿੱਚ ਚੋਣਾਂ ਲੜੇਗੀ। ਜਾਖੜ ਨੇ ਬੁੱਧਵਾਰ ਨੂੰ ਕਿਹਾ, "ਅਸੀਂ 2017 ਨੂੰ ਛੱਡ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ, ਜੋ ਕਿ ਇੱਕ ਅਪਵਾਦ ਸੀ। ਹੁਣ ਵੀ ਅਸੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਾਂਗੇ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਸਾਂਝੀ ਅਗਵਾਈ ਵਿੱਚ ਲੜਾਂਗੇ।" ਇਸ ਦਾ ਉਦੇਸ਼ ਸੂਬੇ ਵਿੱਚ ਜਾਤੀ ਸਮੀਕਰਨਾਂ ਨੂੰ ਸੰਤੁਲਿਤ ਕਰਨਾ ਤੇ ਪਾਰਟੀ ਅੰਦਰਲੀ ਲੜਾਈ ਨੂੰ ਰੋਕਣਾ ਹੈ। ਪੰਜਾਬ ਵਿੱਚ ਪਾਰਟੀ ਦੇ ਪ੍ਰਮੁੱਖ ਚਿਹਰੇ ਵੱਖ-ਵੱਖ ਭਾਈਚਾਰਿਆਂ ਤੋਂ ਆਉਂਦੇ ਹਨ, ਜਿਨ੍ਹਾਂ ਦਾ ਉਦੇਸ਼ ਸਾਰੇ ਸਮੂਹਾਂ ਦੇ ਵੋਟ ਬੈਂਕ ਇੱਕਜੁੱਟ ਕਰਨਾ ਹੈ। ਉਮੀਦਵਾਰਾਂ ਦੀ ਚੋਣ ਲਈ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਅਜੈ ਮਾਕਨ ਦੀ ਅਗਵਾਈ ਹੇਠ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਅੱਜ ਕੌਮੀ ਰਾਜਧਾਨੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਜਾਖੜ, ਮਾਕਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸਿੱਧੂ ਪੰਜਾਬ ਚੋਣਾਂ 'ਚ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰਨ ਲਈ ਜ਼ੋਰ ਲਗਾ ਰਹੇ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਂਦੇ ਹਨ, ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਜੱਟ ਸਿੱਖ ਹਨ, ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਹਿੰਦੂ ਜਾਟ ਹਨ ਤੇ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੱਟ ਸਿੱਖ ਹਨ ਤੇ ਓਪੀ ਸੋਨੀ ਹਿੰਦੂ ਭਾਈਚਾਰੇ ਤੋਂ ਆਉਂਦੇ ਹਨ। ਸਭ ਤੋਂ ਪੁਰਾਣੀ ਪਾਰਟੀ ਸਾਰੀਆਂ ਜਾਤਾਂ ਤੇ ਭਾਈਚਾਰਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ' -PTC News